ਸੁੰਦਰ ਨਾਥ ਆਰੀਆ
ਅਬੋਹਰ, 30 ਸਤੰਬਰ
ਦੇਸ਼ ਵਿਚ ਬੇਰੁਜ਼ਗਾਰੀ ਅਤੇ ਗਰੀਬੀ ਇੰਨੀ ਵਧ ਗਈ ਹੈ ਕਿ ਬੀਏ, ਐੱਮਏ ਪਾਸ ਲੜਕੇ-ਲੜਕੀਆਂ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਪਰ ਬਾਵਜੂਦ ਇਸਦੇ ਉਨ੍ਹਾਂ ਨੂੰ ਕਿਤੇ ਨੌਕਰੀ ਨਹੀਂ ਮਿਲ ਰਹੀ ਹੈ। ਐਨਾ ਪੜ੍ਹਨ ਦੇ ਬਾਵਜੂਦ ਬੇਰੁਜ਼ਗਾਰ ਨੌਜਵਾਨ ਸਫ਼ਾਈ ਦਾ ਕੰਮ ਕਰਨ ਨੂੰ ਵੀ ਤਿਆਰ ਹਨ। ਕੁਝ ਦਿਨ ਪਹਿਲਾਂ ਅਬੋਹਰ ਨਗਰ ਨਿਗਮ ਨੇ ਠੇਕਾ ਬੇਸ ’ਤੇ ਕੁਝ ਅਸਾਮੀਆਂ ਲਈ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਸੀ, ਜਿਸ ਵਿੱਚ ਸਫ਼ਾਈ ਸੇਵਕ, ਕੰਪਿਊਟਰ ਆਪਰੇਟਰ ਅਤੇ ਹੋਰ ਕਈ ਅਸਾਮੀਆਂ ਲਈ ਨੌਜਵਾਨ ਲੜਕੇ-ਲੜਕੀਆਂ ਤੋਂ ਅਰਜ਼ੀਆਂ ਮੰਗੀਆਂ ਸਨ। ਅੱਜ ਇੰਟਰਵਿਊ ਲਈ ਪੁੱਜੇ 214 ਉਮੀਦਵਾਰਾਂ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਬਸ ਸਟੈਂਡ ਰੋਡ, ਹਨੁੰਮਾਨਗੜ ਰੋਡ, ਮਲੋਟ ਚੌਕ, ਅਗਰਸੈਨ ਚੌਕ, ਨਗਰ ਥਾਣਾ ਰੋਡ ’ਤੇ ਝਾੜੂ ਕਢਵਾ ਕੇ ਉਨ੍ਹਾਂ ਦਾ ਟਰਾਇਲ ਲਿਆ। ਇਨ੍ਹਾਂ ਉਮੀਦਵਾਰਾਂ ’ਚ ਉਹ ਵੀ ਸਨ, ਜਿਨ੍ਹਾਂ ਨੇ ਬੀਏ, ਐੱਮਏ ਕੀਤੀ ਹੋਈ ਸੀ ਅਤੇ ਉਹ ਵੱਡੀਆਂ ਅਸਾਮੀਆਂ ਲਈ ਇੰਟਰਵਿਉ ਦੇਣ ਆਏ ਸੀ।