ਦਵਿੰਦਰ ਪਾਲ
ਚੰਡੀਗੜ੍ਹ, 14 ਜੁਲਾਈ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਖ਼ਿਲਾਫ਼ ਜਾਰੀ ਕਿਸਾਨੀ ਧਰਨਿਆਂ ਦੌਰਾਨ ਮੀਂਹ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਬਰਕਰਾਰ ਰਿਹਾ। ਸੂਬੇ ਦੇ ਕਈ ਹਿੱਸਿਆਂ ਵਿੱਚ ਮੌਨਸੂਨ ਦੀ ਭਰਵੀਂ ਬਾਰਿਸ਼ ਕਾਰਨ ਕਿਸਾਨਾਂ ਦੇ ਟੈਂਟ ਤੇ ਤੰਬੂ ਉਖੜ ਗਏ ਅਤੇ ਲੰਗਰ ਦਾ ਸਾਮਾਨ ਵੀ ਭਿੱਜ ਗਿਆ ਪਰ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਅੱਜ 286ਵੇਂ ਦਿਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਰਾਜਪੁਰਾ ਵਿੱਚ ਭਾਜਪਾ ਆਗੂਆਂ ਦੇ ਘਿਰਾਓ ਦੀ ਘਟਨਾ ਨੂੰ ਬਹਾਨਾ ਬਣਾ ਕੇ ਪੰਜਾਬ ਪੁਲੀਸ ਨੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਅਤੇ ਕਈ ਕਿਸਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਭਾਵੇਂ ਬੀਤੇ ਦਿਨ ਸੜਕਾਂ ਜਾਮ ਕਰਕੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਾ ਲਿਆ ਗਿਆ ਪਰ ਦਰਜ ਕੀਤੇ ਪੁਲੀਸ ਕੇਸ ਅਜੇ ਵੀ ਰੱਦ ਨਹੀਂ ਹੋਏ। ਇਸੇ ਤਰ੍ਹਾਂ ਹੀ ਸਿਰਸਾ(ਹਰਿਆਣਾ) ਵਿੱਚ ਭਾਜਪਾ ਆਗੂ ਦੇ ਘਿਰਾਓ ਦਾ ਬਹਾਨਾ ਬਣਾ ਕੇ ਦੋ ਕਿਸਾਨਾਂ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਰਾਜਪੁਰਾ ਤੇ ਸਿਰਸਾ ਵਿੱਚ ਕਿਸਾਨਾਂ ਖ਼ਿਲਾਫ਼ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੰਘਰਸ਼ਸ਼ੀਲ ਲੋਕਾਂ ਦੀ ਤੌਹੀਨ ਕਰਨ ਬਦਲੇ ਭਾਜਪਾ ਆਗੂਆਂ ਖ਼ਿਲਾਫ਼ ਵੀ ਪਰਚੇ ਦਰਜ ਕੀਤੇ ਜਾਣ।
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਮੋਰਚਿਆਂ ਦੀ ਮਜ਼ਬੂਤੀ ਲਈ ਲਗਾਤਾਰ ਜਥੇ ਭੇਜੇ ਜਾ ਰਹੇ ਹਨ। ਅੱਜ ਮਾਨਸਾ, ਬਰਨਾਲਾ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਤੋਂ ਰਵਾਨਾ ਹੋਏ ਕਿਸਾਨਾਂ ਨੇ ਅਹਿਦ ਕੀਤਾ ਕਿ ਉਹ ਕੇਂਦਰ ਸਰਕਾਰ ਦੀ ਅੜੀ ਭੰਨਣ ਲਈ ਸੰਘਰਸ਼ ਤੇਜ਼ ਕਰਨਗੇ। ਆਗੂਆਂ ਨੇ ਲੋਕਾਂ ਨੂੰ ਪੂੰਜੀਪਤੀ ਘਰਾਣਿਆਂ ਦੀਆਂ ਵਸਤੂਆਂ ਦਾ ਬਾਈਕਾਟ ਜਾਰੀ ਰੱਖਣ ਦੀ ਅਪੀਲ ਕੀਤੀ।
ਯੂਰੀਆ ਖਾਦ ਦੀ ਘਾਟ ਦਾ ਨੋਟਿਸ ਲਿਆ
ਕਿਸਾਨ ਆਗੂਆਂ ਨੇ ਸੂਬੇ ਵਿੱਚ ਯੂਰੀਆ ਖਾਦ ਦੀ ਘਾਟ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਨ੍ਹੀਂ ਦਿਨੀਂ ਪੰਜਾਬ ਵਿੱਚ ਯੂਰੀਏ ਖਾਦ ਦੀ ਭਾਰੀ ਕਿੱਲਤ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਯੂਰੀਆ ਮਾਰਕਫੈੱਡ ਰਾਹੀਂ ਵੇਚੀ ਜਾਂਦੀ ਹੈ, ਜੋ ਅੱਗੋਂ ਇਫਕੋ ਤੋਂ ਇਹ ਸਪਲਾਈ ਲੈਂਦਾ ਹੈ। ਕੇਂਦਰੀ ਖਾਦ ਏਜੰਸੀ ਇਫਕੋ ਨੇ ਮਾਰਕਫੈੱਡ ਨੂੰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਯੂਰੀਆ ਸਪਲਾਈ ਕੀਤਾ ਹੈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਿਯੰਤਰਨ ਅਧੀਨ ਇਸ ਏਜੰਸੀ ਨੇ ਕੇਂਦਰੀ ਸਰਕਾਰ ਦੇ ਇਸ਼ਾਰੇ ’ਤੇ ਯੂਰੀਆ ਦੀ ਸਪਲਾਈ ਘਟਾਈ ਹੈ। ਝੋਨੇ ਦੀ ਫ਼ਸਲ ਵਿੱਚ ਯੂਰੀਆ ਪਾਉਣ ਦਾ ਸਮਾਂ ਹੈ ਪਰ ਕਿਸਾਨਾਂ ਨੂੰ ਇਹ ਖਾਦ ਨਹੀਂ ਮਿਲ ਰਹੀ। ਬੁਲਾਰਿਆਂ ਨੇ ਯੂਰੀਏ ਦੀ ਘਾਟ ਤੁਰੰਤ ਦੂਰ ਕਰਨ ਦੀ ਮੰਗ ਕੀਤੀ।