ਨਵੀਂ ਦਿੱਲੀ, 2 ਜੂਨ
ਕਰੋਨਾਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਹੋਣ ਕਰ ਕੇ ਯਾਤਰੀ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਰਹਿਣ ਦੇ ਬਾਵਜੂਦ ਸਾਲ 2020 ਵਿਚ 8,700 ਤੋਂ ਵੱਧ ਵਿਅਕਤੀ ਰੇਲ ਟਰੈਕਾਂ ’ਤੇ ਹਲਾਕ ਹੋਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤਾਂ ਵਿਚੋਂ ਕਈ ਪਰਵਾਸੀ ਕਾਮੇ ਸਨ। ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਕਾਰਕੁਨ ਚੰਦਰ ਸ਼ੇਖਰ ਗੌੜ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ਵਿਚ ਰੇਲਵੇ ਬੋਰਡ ਨੇ ਜਨਵਰੀ 2020 ਤੋਂ ਲੈ ਕੇ ਦਸੰਬਰ 2020 ਵਿਚਾਲੇ ਹੋਈਆਂ ਅਜਿਹੀਆਂ ਮੌਤਾਂ ਸਬੰਧੀ ਅੰਕੜੇ ਸਾਂਝੇ ਕੀਤੇ। ਰੇਲਵੇ ਬੋਰਡ ਨੇ ਕਿਹਾ, ‘‘ਰਾਜ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ 2020 ਤੋਂ ਦਸੰਬਰ 2020 ਵਿਚਾਲੇ ਰੇਲ ਟਰੈਕਾਂ ’ਤੇ 8,733 ਵਿਅਕਤੀ ਹਲਾਕ ਹੋਏ ਜਦਕਿ 805 ਵਿਅਕਤੀ ਜ਼ਖ਼ਮੀ ਹੋਏ।’’ -ਪੀਟੀਆਈ