ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 31 ਅਕਤੂਬਰ
ਯੂ.ਪੀ. ਤੋਂ ਸਸਤਾ ਝੋਨਾ ਲਿਆ ਕੇ ਮਾਛੀਵਾੜਾ ’ਚ ਸਰਕਾਰੀ ਰੇਟ ’ਤੇ ਖਰੀਦ ਕਰਨ ਦੇ ਮਾਮਲੇ ’ਚ ਪੁਲੀਸ ਵਲੋਂ 7 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵਲੋਂ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰੋਬਾਰ ’ਚ ਕੌਣ-ਕੌਣ ਸ਼ਾਮਲ ਹਨ ਜਿਸ ਸਬੰਧੀ ਸ਼ੈਲਰਾਂ ਮਾਲਕਾਂ ਤੇ ਆੜ੍ਹਤੀਆਂ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਸ਼ੇਰਪੁਰ ਬੇਟ ਦੇ ਇੱਕ ਸ਼ੈਲਰ ਦਾ ਰਿਕਾਰਡ ਦੇਖਿਆ ਜਾ ਰਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇੱਥੇ ਕਿਹੜੀ ਖਰੀਦ ਏਜੰਸੀ ਦਾ ਝੋਨਾ ਮਿਲਿੰਗ ਲਈ ਲਗਾਇਆ ਗਿਆ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸ਼ੈਲਰ ’ਚ ਯੂ.ਪੀ. ਤੋਂ ਆਇਆ ਝੋਨਾ ਤਾਂ ਨਹੀਂ ਰੱਖਿਆ ਗਿਆ। ਮਾਛੀਵਾੜਾ ਪੁਲੀਸ ਵਲੋਂ ਇੱਕ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਲਕਸ਼ਮੀ ਰਾਈਸ ਮਿੱਲ ਦੇ ਮਾਲਕ ਮਨੋਹਰ ਲਾਲ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ, ਉਸ ਵਲੋਂ ਯੂ.ਪੀ. ਤੋਂ ਸਸਤਾ ਝੋਨਾ ਲਿਆ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੁਲੀਸ ਵਲੋਂ ਇਸ ਸ਼ੈਲਰ ’ਚ ਲੱਗੇ ਸਾਰੇ ਸਟਾਕ ਦੀ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਰਜਿਸਟਰ, ਢੋਆ-ਢੁਆਈ ਕਰਨ ਵਾਲੀਆਂ ਗੱਡੀਆਂ ਦੇ ਗੇਟ ਪਾਸ, ਕੰਡਿਆਂ ਦੀਆਂ ਪਰਚੀਆਂ ਅਤੇ ਕਿਹੜੇ-ਕਿਹੜੇ ਆੜ੍ਹਤੀ ਤੇ ਕਿਸਾਨ ਦਾ ਝੋਨਾ ਇੱਥੇ ਮਿਲਿੰਗ ਆਇਆ ਇਹ ਸਾਰੇ ਦਸਤਾਵੇਜ਼ ਜਾਂਚ ਲਈ ਪੁਲੀਸ ਵਲੋਂ ਰਿਕਾਰਡ ’ਚ ਲਏ ਜਾਣਗੇ।