ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਸਤੰਬਰ
ਕੇਂਦਰ ਸਰਕਾਰ ਨੇ ਹਰਿਆਣਾ ਦੇ ਸਾਲ 2000 ਬੈੱਚ ਦੇ ਆਈਏਐੱਸ ਅਧਿਕਾਰੀ ਨਿਤਿਨ ਯਾਦਵ ਨੂੰ ਚੰਡੀਗੜ੍ਹ ਦਾ ਗ੍ਰਹਿ ਸਕੱਤਰ ਨਿਯੁਕਤ ਕੀਤਾ ਹੈ। ਕੇਂਦਰ ਦੀ ਕੈਬਨਿਟ ਕਮੇਟੀ ਨੇ ਸ੍ਰੀ ਯਾਦਵ ਦੇ ਨਾਂ ਨੂੰ ਹਰੀ ਝੰਡੀ ਦੇ ਕੇ ਉਨ੍ਹਾਂ ਨੂੰ ਚੰਡੀਗੜ੍ਹ ਭੇਜ ਦਿੱਤਾ ਹੈ। ਹਾਲਾਂਕਿ ਨਿਤਿਨ ਯਾਦਵ ਦਾ ਨਾਂ ਤਿੰਨ ਮਹੀਨੇ ਪਹਿਲਾਂ ਕੇਂਦਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਸੀ। ਉਹ ਅਗਲੇ ਹਫ਼ਤੇ ਸ਼ਹਿਰ ਦਾ ਕਾਰਜਭਾਰ ਸੰਭਾਲਣਗੇ। ਇਸ ਤੋਂ ਪਹਿਲਾਂ ਅਰੁਣ ਕੁਮਾਰ ਗੁਪਤਾ ਦਾ ਕਾਰਜ ਕਾਲ 31 ਮਈ ਨੂੰ ਖਤਮ ਹੋ ਗਿਆ ਸੀ ਜਿਨ੍ਹਾਂ ਨੂੰ ਤਿੰਨ ਮਹੀਨੇ ਦਾ ਵਾਧੂ ਸਮਾਂ ਮਿਲ ਗਿਆ ਸੀ ਤੇ ਉਸਦੀ ਮਿਆਦ ਵੀ 31 ਅਗਸਤ ਨੂੰ ਖਤਮ ਹੋ ਗਈ ਸੀ।
ਯੂਟੀ ਪ੍ਰਸ਼ਾਸਨ ਨੇ ਸ੍ਰੀ ਗੁਪਤਾ ਨੂੰ 31 ਅਗਸਤ ਨੂੰ ਰਿਲੀਵ ਕਰ ਦਿੱਤਾ ਸੀ। ਉਸ ਉਪਰੰਤ ਯੂਟੀ ਪ੍ਰਸ਼ਾਸਨ ਨੇ ਵਿੱਤ ਸਕੱਤਰ ਨੂੰ ਗ੍ਰਹਿ ਸਕੱਤਰ ਦਾ ਵਾਧੂ ਸੇਵਾਵਾਂ ਦੇ ਦਿੱਤੀਆਂ ਸਨ। ਜਾਣਕਾਰੀ ਅਨੁਸਾਰ ਸ਼੍ਰੀ ਗੁਪਤਾ ਚੰਡੀਗੜ੍ਹ ਗ੍ਰਹਿ ਸਕੱਤਰ ਹੋਣ ਦੇ ਨਾਲ-ਨਾਲ ਅਮਨ ਅਤੇ ਕਾਨੂੰਨ, ਸਿਹਤ, ਸਿੱਖਿਆ, ਜਲ ਸਰੋਤ, ਜੇਲ੍ਹਾਂ, ਵਿਗਿਆਨ, ਟੂਰੀਜ਼ਮ, ਸਥਾਨਕ ਸਰਕਾਰਾਂ, ਪੁਲੀਸ, ਵਾਤਾਵਰਨ ਅਤੇ ਜੰਗਲਾਤ ਦੇ ਸਕੱਤਰ ਦਾ ਕੰਮ-ਕਾਜ ਦੇਖ ਰਹੇ ਸਨ।
ਦੱਸਣਯੋਗ ਹੈ ਕਿ 31 ਅਗਸਤ ਨੂੰ ਗ੍ਰਹਿ ਸਕੱਤਰ ਦੀਆਂ ਸੇਵਾਵਾਂ ਖਤਮ ਹੋਣ ਕਰਕੇ ਉਨ੍ਹਾਂ ਦੇ ਵਿਭਾਗਾਂ ਦੀ ਜ਼ਿੰਮੇਵਾਰੀ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ। ਹੁਣ ਮੁੜ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਸਾਲ 200 ਬੈੱਚ ਦੇ ਆਈਏਐੱਸ ਅਧਿਕਾਰੀ ਨਿਤਿਨ ਯਾਦਵ, ਪੰਕਜ ਅਗਰਵਾਲ ਅਤੇ ਸਾਲ 2003 ਬੈੱਚ ਦੇ ਵਿਨੈ ਸਿੰਘ ਦੇ ਨਾਮ ਦਾ ਪੈਨਲ ਭੇਜਿਆ ਸੀ ਜਿਸ ਵਿੱਚੋਂ ਨਿਤਿਨ ਯਾਦਵ ਦੇ ਨਾਂ ’ਤੇ ਮੋਹਰ ਲਾਈ ਗਈ ਹੈ।