ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਸਤੰਬਰ
‘ਮੋਦੀ ਸਰਕਾਰ ਹੋਸ਼ ਵਿੱਚ ਆਓ- ਐਲਪੀਜੀ ਦੀ ਵਧੀ ਹੋਈ ਕੀਮਤ ਵਾਪਸ ਲਓ’, ‘ਵੱਧ ਰਹੀ ਮਹਿੰਗਾਈ ਨੂੰ ਰੋਕੋ’, ਆਦਿ ਉੱਚੇ ਨਾਅਰਿਆਂ ਨਾਲ ਆਲ ਇੰਡੀਆ ਡੈਮੋਕ੍ਰੇਟਿਕ ਵਿਮੈਨ ਕਮੇਟੀ ਨੋਇਡਾ ਕਮੇਟੀ ਨੇ ਦਿੱਲੀ ਦੇ ਨਾਲ ਲੱਗਦੇ ਯੂਪੀ ਦੇ ਕਾਰੋਬਾਰੀ ਸ਼ਹਿਰ ਨੋਇਡਾ ’ਚ ਸੈਕਟਰ 8, 9, 10 ਤਿਰਾਹੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੋਂ ਐਲਪੀਜੀ ਗੈਸ ਦੀ ਕੀਮਤਾਂ ਵਿੱਚ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਨਵਾਦੀ ਮਹਿਲਾ ਸਮਿਤੀ ਦੇ ਆਗੂਆਂ ਆਸ਼ਾ ਯਾਦਵ, ਚੰਦਾ ਬੇਗਮ, ਲਤਾ ਸਿੰਘ, ਪੂਨਮ ਦੇਵੀ, ਰਾਧਿਕਾ ਨੇ ਮੋਦੀ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਮਹਿੰਗਾਈ ਹਰ ਸਮੇਂ ਵਧਦੀ ਰਹਿੰਦੀ ਹੈ ਪਰ ਇਨ੍ਹਾਂ ਕੁਝ ਸਾਲਾਂ ਵਿੱਚ ਮਹਿੰਗਾਈ ਵਧੀ ਹੈ ਤੇ ਆਪਣੇ ਹੀ ਰਿਕਾਰਡ ਤੋੜ ਦਿੱਤੇ ਹਨ। ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਾ ਕੇ ਵੱਡੇ ਸਰਮਾਏਦਾਰਾਂ ਦੀ ਵੱਡੀ ਟੈਕਸ ਛੋਟਾਂ ਦੀ ਭਰਪਾਈ ਕੀਤੀ ਜਾ ਰਹੀ ਹੈ। ਪੂਰੀ ਦੁਨੀਆ ਵਿੱਚ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀਆਂ ਕੀਮਤਾਂ ਘਟੀਆਂ ਹਨ ਪਰ ਸਾਡੇ ਦੇਸ਼ ਵਿੱਚ ਉਨ੍ਹਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।ਇਹੀ ਕਾਰਨ ਹੈ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਜੀਊਣਾ ਦੁੱਭਰ ਹੋ ਗਿਆ ਹੈ। ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਵਧੀ ਹੋਈ ਕੀਮਤ ਵਾਪਸ ਨਾ ਲਈ ਗਈ ਤੇ ਮਹਿੰਗਾਈ ਨੂੰ ਕਾਬੂ ਨਾ ਕੀਤਾ ਗਿਆ ਤਾਂ ਇੱਕ ਵਿਸ਼ਾਲ ਅੰਦੋਲਨ ਕੀਤਾ ਜਾਵੇਗਾ।