ਇਕਬਾਲ ਸਿੰਘ ਸ਼ਾਂਤ
ਲੰਬੀ, 5 ਅਪਰੈਲ
ਸਾਬਕਾ ਟਰਾਂਸਪੋਰਟ ਮੰਤਰੀ ਹਰਦੀਪ ਇੰਦਰ ਸਿੰਘ ਬਾਦਲ ਦਾ ਅੱਜ ਪਿੰਡ ਬਾਦਲ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੀ ਇਕਲੌਤੀ ਬੇਟੀ ਗਗਨਦੀਪ ਕੌਰ ਬਾਦਲ ਅਤੇ ਦੋਹਤੀ ਰੂਹਾਨੀਅਤ ਕੌਰ ਨੇ ਦਿੱਤੀ। ਪੰਜਾਬ ਪੁਲੀਸ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਪੰਜਾਬ ਸਰਕਾਰ ਵੱਲੋਂ ਮਲੋਟ ਦੇ ਐੱਸਡੀਐੱਮ ਪ੍ਰਮੋਦ ਕੁਮਾਰ ਅਤੇ ਡੀਐੱਸਪੀ ਜਸਪਾਲ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸੀ ਆਗੂ ਹਰਦੀਪ ਇੰਦਰ ਸਿੰਘ ਬਾਦਲ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ। ਸਸਕਾਰ ਮੌਕੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪੁੱਜੇ ਹੋਏ ਸਨ, ਜੋ ਗੋਡੇ ਦੇ ਦਰਦ ਕਾਰਨ ਗੱਡੀ ’ਚੋਂ ਨਹੀਂ ਉੱਤਰ ਸਕੇ। ਹਰਦੀ ਪਇੰਦਰ ਬਾਦਲ ਦੀ ਅੰਤਿਮ ਯਾਤਰਾ ਦੌਰਾਨ ਪਿੰਡ ਵਾਸੀਆਂ ਨੇ ਘਰ ਤੋਂ ਸ਼ਮਸ਼ਾਨ ਘਾਟ ਤੱਕ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਸਾਬਕਾ ਸਪੀਕਰ ਰਵੀਇੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ, ਮੇਜਰ ਭੁਪਿੰਦਰ ਸਿੰਘ ਬਾਦਲ, ਲਾਲੀ ਬਾਦਲ, ਲਾਲੀ ਕਾਲਝਰਾਨੀ, ਭੁਪਿੰਦਰ ਸਿੰਘ ਬਾਦਲ, ਫਤਿਹ ਬਾਦਲ, ਬੱਬੀ ਬਾਦਲ, ਸੰਜਮ ਬਾਦਲ, ਬੌਬੀ ਬਾਦਲ, ਹਰਵੀ ਬਾਦਲ, ਬਾਵਾ ਬਾਦਲ, ਸਾਬਕਾ ਵਿਧਾਇਕ ਰਘੁਵੀਰ ਸਿੰਘ ਗਿੱਦੜਬਾਹਾ ਅਤੇ ਹੋਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਹਰਦੀਪ ਇੰਦਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਸਨ। ਸਾਬਕਾ ਮੁੱਖ ਮੰਤਰੀ ਨੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਰਦੀਪ ਦੀ ਮੌਤ ਨਾਲ ਉਨ੍ਹਾਂ ਨੂੰ ਵੱਡਾ ਸਦਮਾ ਪੁੱਜਿਆ ਹੈ।