ਸੰਜੀਵ ਬੱਬੀ
ਚਮਕੌਰ ਸਾਹਿਬ, 25 ਦਸੰਬਰ
ਪੰਜਾਬ ਸਰਕਾਰ ਵੱਲੋਂ ਜਨਰਲ ਕੈਟਾਗਰੀ ਭਲਾਈ ਕਮਿਸ਼ਨ ਦੀ ਸਥਾਪਨਾ ਕਰਨ ਤੋਂ ਬਾਅਦ ਜਨਰਲ ਕੈਟਾਗਰੀ ਵੈੱਲਫੇਅਰ ਪੰਜਾਬ ਨੇ ਇੱਥੇ ਪਿਛਲੇ 30 ਦਿਨਾਂ ਤੋਂ ਚੱਲ ਰਹੀ ਆਪਣੀ ਭੁੱਖ ਹੜਤਾਲ ਖਤਮ ਕਰਨ ਦਾ ਐਲਾਨ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਕਮਿਸ਼ਨ ਦੀ ਮੁੱਢਲੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ। ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਅੱਜ ਜੂਸ ਪਿਆ ਕੇ ਫੈਡਰੇਸ਼ਨ ਦੇ ਆਗੂਆਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ।
ਫੈਡਰੇਸ਼ਨ ਆਗੂਆਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਮੰਗ ਪੂਰੀ ਹੋਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰਇੰਦਰ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਸਕੱਤਰ ਜਸਵੀਰ ਸਿੰਘ ਗੜਾਂਗ, ਕਪਿਲ ਦੇਵ ਪਰਾਸਰ, ਸੁਰਿੰਦਰ ਕੁਮਾਰ, ਅਮਨਦੀਪ ਸਿੰਘ, ਪ੍ਰਦੀਪ ਸਿੰਘ ਅਤੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਜਲਦੀ ਕਮਿਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣਾ ਚਾਹੀਦਾ ਹੇੇੈ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮਿਸ਼ਨ ਦੀ ਸਥਾਪਨਾ ਕਰ ਕੇ ਮੁੱਖ ਮੰਤਰੀ ਸ੍ਰੀ ਚੰਨੀ ਨੇ ਇੱਕ ਵੱਡੀ ਦੇਣ ਦਿੱਤੀ ਹੈ। ਇਸ ਮੌਕੇ ਦਵਿੰਦਰ ਧਵਨ, ਐੱਚਐੱਮ ਕਪੂਰ, ਪ੍ਰਦੀਪ ਕੁਮਾਰ, ਪਵਨ ਕੁਮਾਰ, ਸੁਰਜੀਤ ਸਿੰਘ, ਬੇਅੰਤ ਸਿੰਘ, ਗੁਰਮੇਲ ਸਿੰਘ, ਪ੍ਰਗਟ ਸਿੰਘ ਅਤੇ ਜਸਵੀਰ ਸਿੰਘ ਗੋਸਲ ਆਦਿ ਹਾਜ਼ਰ ਸਨ।