ਸੁਰਜੀਤ ਮਜਾਰੀ
ਬੰਗਾ, 14 ਜੁਲਾਈ
ਕਿਸੇ ਧਿਰ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਰਕੇ ਸਥਾਨਕ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਹਵਾ ਵਿੱਚ ਹੀ ਹੈ। ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਹੁਣ ਤੱਕ ਰੱਖੀਆਂ ਮੀਟਿੰਗਾਂ ਕਿਸੇ ਨਾ ਕਿਸੇ ਕਾਰਨ ਮੁਲਤਵੀ ਹੁੰਦੀਆਂ ਰਹੀਆਂ ਹਨ। ਅੱਜ ਵੀ ਸਾਰੇ ਕੌਂਸਲਰਾਂ ਦੀ ਮੀਟਿੰਗ ਨੂੰ ਹਾਜ਼ਰੀ ਪੱਖੋਂ ਸਫ਼ਲਤਾ ਤਾਂ ਮਿਲੀ ਪਰ ਪ੍ਰਧਾਨਗੀ ਦੀ ਗੱਲ ਕਿਸੇ ਕੰਢੇ ਨਹੀਂ ਲੱਗੀ। ਇਹ ਮੀਟਿੰਗ ਸਿਰਫ਼ ਸਹੁੰ ਚੁੱਕਣ ਤੱਕ ਹੀ ਸੀਮਤ ਰਹੀ। ਪੰਦਰਾਂ ਕੌਂਸਲਰਾਂ ਵਾਲੀ ਇਸ ਨਗਰ ਕੌਂਸਲ ’ਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਪੰਜ ਪੰਜ, ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਮੈਂਬਰ ਹਨ ਜਦੋਂ ਕਿ ਇੱਕ ਮੈਂਬਰ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹੈ ਤੇ ਇੱਕ ਅਜ਼ਾਦ ਮੈਂਬਰ ਅਜ਼ਾਦ ਵਜੋਂ ਸ਼ਾਮਲ ਹੈ।
ਦੱਸਣਯੋਗ ਹੈ ਕਿ ਬਹੁਮਤ ਨਾ ਹੋਣ ਦੀ ਸਥਿਤੀ ’ਚ ਸਾਰੀਆਂ ਸਿਆਸੀ ਧਿਰਾਂ ਅਸਿੱਧੇ ਰੂਪ ’ਚ ਵੱਖ- ਵੱਖ ਤਰ੍ਹਾਂ ਦੇ ਗੱਠਜੋੜ ਦਾ ਜੁਗਾੜ ਤਾਂ ਲਾ ਰਹੀਆਂ ਹਨ ਪਰ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੇ ਅਹੁੁਦਿਆਂ ਸਬੰਧੀ ਲੈਣ ਦੇਣ ਤੋਂ ਰੌਲਾ ਪੈ ਜਾਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਧਾਨਗੀ ਦੇ ਅਹੁਦੇ ਲਈ ਮਨਜਿੰਦਰ ਬੌਬੀ (ਕਾਂਗਰਸ), ਜੀਤ ਸਿੰਘ ਭਾਟੀਆ (ਸ਼੍ਰੋਮਣੀ ਅਕਾਲੀ ਦਲ) ਅਤੇ ਇੰਜਨੀਅਰ ਸਰਬਜੀਤ ਸਾਬੀ (ਆਮ ਆਦਮੀ ਪਾਰਟੀ) ਆਦਿ ਨਾਂ ਚਰਚਾ ਵਿੱਚ ਹਨ।