ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਗਸਤ
ਇੱਥੋਂ ਦੀ ‘ਨਿਊ ਮਹਿੰਦਰਾ ਕਲੋਨੀ’ ਵਿਚ ਪੇਸ਼ਚ ਫੈਲਣ ਕਾਰਨ ਢਾਈ ਤੇ ਪੰਜ ਸਾਲਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 76 ਜਣੇ ਬਿਮਾਰ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗੰਭੀਰ ਹਾਲਤ ਵਾਲੇ 10 ਮਰੀਜ਼ਾਂ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਅਤੇ 6 ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਬਾਕੀਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਨ੍ਹਾਂ ਦੇ ਘਰਾਂ ’ਚ ਹੀ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਪੇਚਸ਼ ਫੈਲਣ ਦਾ ਕਾਰਨ ਪੀਣ ਵਾਲੇ ਪਾਣੀ ਦਾ ਦੂਸ਼ਿਤ ਹੋਣਾ ਹੈ। ਪ੍ਰਸ਼ਾਸਨ ਵੱਲੋਂ ਪਾਣੀ ਦੇ ਕੁਨੈਕਸ਼ਨਾਂ ਅਤੇ ਸੀਵਰੇਜ ਪਾਈਪਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਸਰਜਨ ਡਾ. ਰਾਜੂਧੀਰ ਅਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਐੱਸਐਮਓ ਡਾ. ਕੁਸ਼ਲਦੀਪ ਅਤੇ ਹੋਰ ਡਾਕਟਰਾਂ ਅਤੇ ਸਿਹਮ ਕਰਮੀਆਂ ਦੀਆਂ ਟੀਮਾਂ ਦਿਨ ਭਰ ਇਸ ਖੇਤਰ ’ਚ ਸਰਗਰਮ ਰਹੀਆਂ। ਮਰੀਜ਼ਾਂ ਨੂੰ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਹਸਪਤਾਲ, ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਨ ਅਤੇ ਤ੍ਰਿਪੜੀ ਆਦਿ ਹਸਪਤਾਲਾਂ ’ਚ ਲਿਜਾਇਆ ਗਿਆ।
ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਕੈਂਪ ਲਾ ਕੇ ਦਵਾਈਆਂ ਦੇਣ ਦੇ ਨਾਲ ਨਾਲ ਘਰ-ਘਰ ਜਾ ਕੇ ਸਰਵੇ ਕਰਨ ਲਈ ਵੀ 8 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਦਵਾਈਆਂ ਦੇਣ ਸਮੇਤ ਮਰੀਜ਼ਾਂ ਨੂੰ ਸਾਵਧਾਨੀਆਂ ਵਰਤਣ ਲਈ ਵੀ ਜਾਗਰੂਕ ਕਰਨਗੀਆਂ। ਓਆਰਐੱਸ ਦੇ ਪੈਕੇਟਾਂ ਸਮੇਤ ਪਾਣੀ ਨੂੰ ਸ਼ੁੱਧ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਹਨ। ਇੱਥੇ ਹੀ ਧਰਮਸ਼ਾਲਾ ਵਿਚ ਆਰਜ਼ੀ ਡਿਸਪੈਂਸਰੀ ਵੀ ਸਥਾਪਤ ਕੀਤੀ ਗਈ ਹੈ। ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਤੇ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਨਗਰ ਨਿਗਮ ਰਾਹੀਂ ਪ੍ਰਭਾਵਿਤ ਖੇਤਰ ’ਚ ਟੈਂਕਰਾਂ ਵਾਲਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਵਿਧਾਇਕ ਵੱਲੋਂ ਮਰੀਜ਼ਾਂ ਦੇ ਮੁਫ਼ਤ ਇਲਾਜ ਦਾ ਹੁਕਮ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੇਚਸ਼ ਨਾਲ ਜਾਨ ਗੁਆਉਣ ਵਾਲਿਆਂ ਦੇ ਪਰਿਵਾਰ ਮੈਂਬਰਾਂ ਨਾਲ ਦੁੱਖ ਵੰਡਾਉਂਦਿਆਂ ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਨ ਦੇ ਆਦੇਸ਼ ਦਿੱਤੇ ਹਨ। ਵਿਧਾਇਕ ਕੋਹਲੀ ਨੇ ਹਸਪਤਾਲਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਪਟਿਆਲਾ ਸ਼ਹਿਰੀ) ਦੀ ਟੀਮ ਵੀ ਸੀਨੀਅਰ ਆਗੂ ਕੁੰਦਨ ਗੋਗੀਆ ਦੀ ਅਗਵਾਈ ਵਿਚ ਮਦਦ ਲਈ ਮੌਕੇ ’ਤੇ ਪੁੱਜ ਗਈ ਹੈ।