ਹਰਜੀਤ ਸਿੰਘ
ਡੇਰਾਬੱਸੀ, 11 ਅਪਰੈਲ
ਇੱਥੋਂ ਦੇ ਸੈਕਟਰ 5 ਅਧੀਨ ਪੈਂਦੇ ਪਿੰਡ ਮੀਰਪੁਰ ਵਿੱਚ ਲੰਘੀ ਦੇਰ ਰਾਤ ਘਰ ਵਿੱਚ ਸੁੱਤੇ ਪਏ ਪਰਿਵਾਰ ’ਤੇ ਕੱਚੀ ਛੱਤ ਡਿੱਗਣ ਕਾਰਨ 11 ਸਾਲਾ ਦੇ ਬੱਚੇ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ।
ਲੰਘੇ ਸ਼ਨਿੱਚਰਵਾਰ ਦੀ ਰਾਤ ਰਾਮ ਕੁਮਾਰ, ਉਸਦੀ ਪਤਨੀ ਅਤੇ ਤਿੰਨ ਬੱਚੇ ਘਰ ਦੇ ਅੰਦਰ ਕਮਰੇ ਵਿੱਚ ਅਤੇ ਬਜ਼ੁਰਗ ਮਾਤਾ ਬਾਹਰ ਵਿਹੜੇ ਵਿੱਚ ਸੁੱਤੇ ਪਏ ਸਨ। ਰਾਤ ਦੇ ਕਰੀਬ ਸਾਢੇ 11 ਵਜੇ ਲੱਕੜ ਦੀ ਕੜੀਆਂ ਦੇ ਸਹਾਰੇ ਟਿੱਕੀ ਛੱਤ ਅਚਾਨਕ ਟੁੱਟ ਗਈ ਜਿਸ ਕਾਰਨ ਛੱਤ ਟੁੱਟ ਗਈ ਅਤੇ ਸਾਰੀ ਮਿੱਟੀ ਹੇਠਾਂ ਸੁੱਤੇ ਪਏ ਪਰਿਵਾਰਕ ਮੈਂਬਰ ਜਿਨਾਂ ਵਿੱਚ ਰਾਮ ਕੁਮਾਰ, ਉਸ ਦੀ ਪਤਨੀ ਗੀਤਾ ਤੇ ਉਸ ਦੇ ਤਿੰਨ ਬੱਚਿਆਂ ’ਤੇ ਡਿੱਗ ਗਈ।
ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਰਾਮ ਕੁਮਾਰ ਦੇ ਭਰਾ ਨੇ ਗੁਆਂਢੀਆਂ ਦੀ ਮਦਦ ਨਾਲ ਸਾਰੇ ਪਰਿਵਾਰ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਰਾਮ ਕੁਮਾਰ ਦੇ ਦੂਜੇ ਨੰਬਰ ਦੇ 10 ਸਾਲਾ ਦੇ ਲੜਕੇ ਹਰਜੀਤ ਸਿੰਘ ਦੀ ਗੰਭੀਰ ਹਾਲਤ ਦੇਖਦਿਆਂ ਚੰਡੀਗੜ੍ਹ ਸੈਕਟਰ 32 ਰੈਫਰ ਕਰ ਦਿੱਤਾ ਜਿਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ ਜਦਕਿ ਬਾਕੀ ਪਰਿਵਾਰਕ ਮੈਂਬਰਾਂ ਦਾ ਇਲਾਜ ਚਲ ਰਿਹਾ ਹੈ।
ਪੀੜਤ ਪਰਿਵਾਰ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਮੀਰਪੁਰ ਅਤੇ ਮੁਬਾਰਿਕਪੁਰ ਵਿੱਚ ਕਈਂ ਲੋਕ ਕੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਜੋ ਮੌਤ ਦੇ ਸਾਏ ਵਿੱਚ ਜ਼ਿੰਦਗੀ ਕੱਟ ਰਹੇ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਫਾਰਮ ਤਾਂ ਭਰਵਾ ਲਏ ਹਨ ਪਰ ਪੈਸੇ ਨਹੀਂ ਜਾਰੀ ਕੀਤੇ ਹਨ। ਹਾਦਸੇ ਤੋਂ ਬਾਅਦ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਮੌਕੇ ਦਾ ਦੌਰਾ ਕਰਦੇ ਹੋਏ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਲਾਪ੍ਰਵਾਹੀ ਕਾਰਨ ਹਾਲੇ ਵੀ ਹਲਕੇ ਦੇ ਗਰੀਬ ਪਰਿਵਾਰ ਕੱਚੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਜਿਨ੍ਹਾਂ ਲਈ ਪੰਜਾਬ ਸਰਕਾਰ ਕੁਝ ਨਹੀਂ ਕਰ ਰਹੀ।