ਪੱਤਰ ਪ੍ਰੇਰਕ
ਦੋਰਾਹਾ, 4 ਮਈ
ਇੱਥੇ ਅੱਜ ਗੁਰੂ ਨਾਨਕ ਨੈਸ਼ਨਲ ਕਾਲਜ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਦੋਰਾਹਾ ਵੱਲੋਂ ਸਾਂਝੇ ਤੌਰ ਤੇ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਲਵਲੀਨ ਬੈਂਸ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹਦਾਇਤਾਂ ਦੀ ਪਾਲਣਾ ਹਿੱਤ ਪੰਜਾਬ ਸਰਕਾਰ ਵੱਲੋਂ ਝੋਨੇ ਸਿੱਧੀ ਬਿਜਾਈ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ, ਬਿਜਲੀ ਦੀ ਖ਼ਪਤ ਨੂੰ ਘਟਾਉਣ ਅਤੇ ਖੇਤੀ ਮਜ਼ਦੂਰਾਂ ਦੀ ਆ ਰਹੀ ਕਿੱਲਤ ਨੂੰ ਘੱਟ ਕਰਨ ਲਈ ਅੱਜ ਪਿੰਡ ਰਾਮਪੁਰ ਵਿੱਚ ਕੈਂਪ ਲਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਪਰਾਲੀ ਪ੍ਰਬੰਧਨ ਬਾਰੇ ਸੁਨੇਹਾ ਦਿੰਦਾ ਗੁਰਦਿਆਲ ਰੋਸ਼ਨ ਦਾ ਨਾਟਕ ‘ਖੇਤਾਂ ਦਾ ਰਾਜਾ’ ਨੁੱਕੜ ਨਾਟਕ ਪੇਸ਼ ਕੀਤਾ। ਇਸ ਮੌਕੇ ਡਾ.ਨਿਰਮਲ ਸਿੰਘ, ਡਾ.ਰਾਮ ਸਿੰਘ, ਡਾ.ਬੂਟਾ ਸਿੰਘ, ਡਾ.ਹਰਪੁਨੀਤ ਕੌਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਅਤੇ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਗੰਭੀਰਤਾ ਸਹਿਤ ਕਦਮ ਚੁੱਕਣ ਲਈ ਪ੍ਰੇਰਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੂਪ ਬਰਾੜ, ਜੋਗੇਸ਼ਵਰ ਸਿੰਘ ਮਾਂਗਟ, ਜਗਜੀਵਨਪਾਲ ਸਿੰਘ ਗਿੱਲ ਨੇ ਕਾਲਜ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।