ਸ੍ਰੀਨਗਰ, 4 ਸਤੰਬਰ
ਵੱਖਵਾਦੀ ਆਗੂ ਸੱਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਮਗਰੋਂ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੱਸਿਆਂ ’ਚ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀਆਂ ਜਾਰੀ ਹਨ। ਉਧਰ ਸ਼ੁੱਕਰਵਾਰ ਰਾਤ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਮਗਰੋਂ ਅੱਜ ਸਵੇਰੇ ਉਨ੍ਹਾਂ ਨੂੰ ਮੁੜ ਬੰਦ ਕਰ ਦਿੱਤਾ ਗਿਆ। ਸੱਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਮਗਰੋਂ ਇਹਤਿਆਤ ਵਜੋਂ ਵਾਦੀ ’ਚ ਪਾਬੰਦੀਆਂ ਆਇਦ ਕੀਤੀਆਂ ਗਈਆਂ ਸਨ। ਅਧਿਕਾਰੀਆਂ ਨੇ ਕਿਹਾ ਕਿ ਗਿਲਾਨੀ ਦੀ ਰਿਹਾਇਸ਼ ਵਾਲੇ ਇਲਾਕੇ ਹੈਦਰਪੋਰਾ ’ਚ ਪਾਬੰਦੀਆਂ ਅਜੇ ਵੀ ਜਾਰੀ ਹਨ। ਉਂਜ ਕੁਝ ਹਿੱਸਿਆਂ ’ਚ ਲੋਕਾਂ ਦੀ ਆਵਾਜਾਈ ’ਤੇ ਲਾਈ ਗਈ ਰੋਕ ਨੂੰ ਹਟਾ ਲਿਆ ਗਿਆ ਹੈ। ਗਿਲਾਨੀ ਦੀ ਰਿਹਾਇਸ਼ ਵੱਲ ਜਾਂਦੀਆਂ ਸੜਕਾਂ ਬੈਰੀਕੇਡ ਲਗਾ ਕੇ ਸੀਲ ਕੀਤੀਆਂ ਹੋਈਆਂ ਹਨ। ਗਿਲਾਨੀ ਦੇ ਸਰੀਰ ਉੱਤੇ ਪਾਕਿਸਤਾਨ ਦਾ ਝੰਡਾ ਪਾਉਣ ਦੇ ਦੋਸ਼ ਵਿੱਚ ਪੁਲੀਸ ਨੇ ਐਫਆਈਆਰ ਦਰਜ ਕੀਤੀ ਹੈ। ਮੋਬਾਈਲ ’ਤੇ ਇੰਟਰਨੈੱਟ ਸੇਵਾਵਾਂ ਅੱਜ ਸਵੇਰੇ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਇਹ ਸੇਵਾਵਾਂ ਦੋ ਦਿਨ ਬੰਦ ਰੱਖਣ ਮਗਰੋਂ ਸ਼ੁੱਕਰਵਾਰ ਰਾਤ ਹੀ ਬਹਾਲ ਕੀਤੀਆਂ ਗਈਆਂ ਸਨ। -ਪੀਟੀਆਈ