ਬਹਾਦਰ ਸਿੰਘ ਮਰਦਾਂਪੁਰ
ਘਨੌਰ, 18 ਫਰਵਰੀ
ਹਲਕਾ ਘਨੌਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਚੋਣ ਪ੍ਰਚਾਰ ਦੇ ਅੰਤਿਮ ਦਿਨ ਹੰਭਲਾ ਮਾਰਦਿਆਂ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਪਿੰਡ ਮਰਦਾਂਪੁਰ ਤੋਂ ਸ਼ੂਰੂ ਹੋ ਕੇ ਪਿੰਡ ਸੰਧਾਰਸੀ, ਲਾਛੜੂ ਕਲਾਂ, ਪਿੱਪਲ ਮੰਗੌਲੀ, ਲੋਹਸਿੰਬਲੀ, ਜੰਡ ਮੰਗੌਲੀ, ਚਮਾਰੂ, ਕਾਮੀਂ ਖੁਰਦ, ਕਮਾਲਪੁਰ, ਸਰਾਲਾ ਕਲਾਂ, ਮੰਜੌਲੀ, ਮਾੜੂ, ਹਰੀਪੁਰ ਝੁੰਗੀਆਂ, ਜਰੀਕਪੁਰ, ਚੱਪੜ,ਭੱਟਮਾਜਰਾ, ਨਸੀਰਪੁਰ, ਬਘੌਰਾ ਤੋਂ ਹੁੰਦਾ ਹੋਇਆ ਕਸਬਾ ਘਨੌਰ ਵਿੱਚ ਸਮਾਪਤ ਹੋਇਆ।ਇਸ ਮੌਕੇ ਚੰਦੂਮਾਜਰਾ ਨੇ ਆਖਿਆ ਕਿ ਇਸ ਟਰੈਕਟਰ ਮਾਰਚ ਨੂੰ ਮਿਲੇ ਭਾਰੀ ਸਮਰਥਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹਲਕੇ ਦੇ ਲੋਕ ਕਾਂਗਰਸ ਤੋਂ ਬੇਹੱਦ ਦੁਖੀ ਹਨ ਅਤੇ ਇਹਨਾਂ ਚੋਣਾਂ ਵਿੱਚ ਕਾਂਗਰਸ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ।
ਸਨੌਰ (ਸਰਬਜੀਤ ਸਿੰਘ ਭੰਗੂ): ਹਲਕਾ ਸਨੌਰ ਦੇ ਵਿਧਾਇਕ ਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਅੱਜ ਚੋਣ ਪ੍ਰਚਾਰ ਦੇ ਅੰਤਲੇ ਦਿਨ ਹਲਕੇ ’ਚ ਰੋਡ ਸ਼ੋਅ ਕਰਦਿਆਂ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਕਾਲੀ ਉਮੀਦਵਾਰ ਦਾ ਲੋਕਾਂ ਨੇ ਥਾਂ ਥਾਂ ਸਵਾਗਤ ਵੀ ਕੀਤਾ ਗਿਆ। ਚੰਦੂਮਾਜਰਾ ਦਾ ਕਹਿਣਾ ਸੀ ਕਿ ਅੱਜ ਦੇ ਇਸ ਰੋਡ ਸ਼ੋਅ ਨੇ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ ਹਨ। ਉਨ੍ਹਾਂ ਨੂੰ ਆਸ ਬੱਝ ਗਈ ਹੈ ਕਿ ਐਤਕੀ ਲੋਕ ਉਸ ਨੂੰ ਪਹਿਲਾਂ ਨਾਲ਼ੋਂ ਵੀ ਵਡੇਰੇ ਲੀਡ ਦੇ ਨਾਲ਼ ਜਿਤਾਉਣਗੇ। ਇਸ ਮੌਕੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸ਼ੇਖਪੁਰਾ ਅਤੇ ਫੌਜਇੰਦਰ ਮੁਖਮੈਲਪੁਰਾ ਸਮੇਤ ਕਈ ਆਗੂ ਵੀ ਮੌਜੂਦ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਦੇ ਆਖਰੀ ਦਿਨ ਹਲਕਾ ਸਨੌਰ ਤੋਂ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ 12 ਕਿਲੋਮੀਟਰ ਤੋਂ ਵੱਧ ਲੰਮਾ ਟਰੈਕਟਰ ਰੋਡ ਮਾਰਚ ਕੱਢਿਆ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਸ ਰੋਡ ਮਾਰਚ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ-ਬਸਪਾ ਦੀ ਜਿੱਤ ਯਕੀਨੀ ਹੈ।
ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਅਕਾਲੀ-ਬਸਪਾ ਗੱਠਜੋੜ ਦੀ ਹਮਾਇਤ
ਪਟਿਆਲਾ (ਪੱਤਰ ਪ੍ਰੇਰਕ): ਸਿੱਖ ਬੁੱਧੀਜੀਵੀ ਕੌਂਸਲ ਦੇ ਪ੍ਰਧਾਨ ਬਲਦੇਵ ਸਿੰਘ ਬੱਲੂਆਣਾ ਦੀ ਪ੍ਰਧਾਨਗੀ ਵਿੱਚ ਸੀਨੀਅਰ ਮੈਂਬਰਾਂ ਦੀ ਇਕੱਤਰਤਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਮੂਹ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ।