ਗੁਰਿੰਦਰ ਸਿੰਘ
ਲੁਧਿਆਣਾ, 14 ਜੁਲਾਈ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿੱਚ ਸਾਲਾਨਾ ਗੁਰਮਤਿ ਸੰਗੀਤ ਵਰਕਸ਼ਾਪ ਦੀ ਆਰੰਭਤਾ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ-ਰੇਖ ਹੇਠ ਹੋਈ ਜਿਸ ਵਿੱਚ ਸੰਗੀਤ ਮਾਹਿਰ ਸਖ਼ਸ਼ੀਅਤਾਂ ਨੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਰੌਸ਼ਨੀ ਪਾਈ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਨਿਵੇਦਤਾ ਕੌਰ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਰਾਗ ਜੈਜੈਵੰਤੀ ਵਿੱਚ ਕਰਨ ਬਾਰੇ ਵਿਦਿਆਰਥੀਆਂ ਨੂੰ ਬੜੀ ਬਰੀਕੀ ਨਾਲ ਸਿੱਖਿਆ ਦਿੱਤੀ। ਉਨ੍ਹਾਂ ਕਿਹਾ ਕਿ ਗੁਰਮਤਿ ਸੰਗੀਤ ਨੂੰ ਸਮਝਣ ਲਈ ਬੜੀ ਲਗਨ ਅਤੇ ਰਿਆਜ਼ ਦੀ ਜ਼ਰੂਰਤ ਹੈ। ਉਸਤਾਦ ਤੇਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਬਾਰੇ ਦੱਸਿਆ ਜਦਕਿ ਸੰਗੀਤ ਮਾਹਿਰ ਚੇਤਨਯ ਸ਼ਰਮਾ ਨੇ ਵਾਇਲਨ ਸਾਜ਼ ਦੀ ਸੋਲੋ ਪੇਸ਼ਕਾਰੀ ਕੀਤੀ। ਇਸ ਤੋਂ ਪਹਿਲਾਂ ਅਰਦਾਸ ਉਪਰੰਤ ਜਵੱਦੀ ਟਕਸਾਲ ਦੇ ਵਿਦਿਆਰਥੀ ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਗੁਰਪ੍ਰਤਾਪ ਸਿੰਘ ਨੇ ਤੰਤੀ ਸਾਜ਼ਾਂ ਨਾਲ ਰਾਗ ਬੱਧ ਕੀਰਤਨ ਕੀਤਾ। ਸੰਗੀਤ ਵਰਕਸ਼ਾਪ ਦੀ ਆਰੰਭਤਾ ਪ੍ਰੋ. ਰਾਜਬਰਿੰਦਰ ਸਿੰਘ ਕਰਦਿਆਂ ਵਿਦਿਆਰਥੀਆਂ ਨੂੰ ਗੌਂਡ ਰਾਗ ਬਾਰੇ ਸਿਖਲਾਈ ਦਿੱਤੀ। ਸੰਤ ਬਾਬਾ ਅਮੀਰ ਸਿੰਘ ਨੇ ਸੰਗੀਤ ਵਰਕਸ਼ਾਪ ਦੀ ਲੋੜ ਬਾਰੇ ਰੌਸ਼ਨੀ ਪਾਈ।