ਨਵੀਂ ਦਿੱਲੀ, 26 ਨਵੰਬਰ
ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਬਿਪਿਨ ਰਾਵਤ ਅਤੇ ਤਿੰਨੋਂ ਸੈਨਾਵਾਂ ਦੇ ਹੋਰ ਚੋਟੀ ਦੇ ਕਮਾਂਡਰਾਂ ਨੇ ਅੱਜ ਸੰਸਦੀ ਕਮੇਟੀ ਨੂੰ ਹਥਿਆਰਬੰਦ ਬਲਾਂ ਦੀਆਂ ਜੰਗ ਸਬੰਧੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ। ਇਹ ਜਾਣਕਾਰੀ ਕਮੇਟੀ ਦੇ ਚੇਅਰਮੈਨ ਜੁਆਲ ਓਰਮ ਨੇ ਦਿੱਤੀ। ਸ੍ਰੀ ਰਾਵਤ ਤੋਂ ਇਲਾਵਾ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਚੋਟੀ ਦੇ ਕਮਾਂਡਰ ਵੀ ਸੰਸਦ ਕੰਪਲੈਕਸ ਵਿਚ ਰੱਖਿਆ ਬਾਰੇ ਸੰਸਦ ਦੀ ਸਥਾਈ ਕਮੇਟੀ ਸਾਹਮਣੇ ਪੇਸ਼ ਹੋਏ।
ਇਸ ਮੀਟਿੰਗ ਦਾ ਮਕਸਦ ਸਰਹੱਦੀ ਸੁਰੱਖਿਆ ਸਮੇਤ ਮੌਜੂਦਾ ਸੁਰੱਖਿਆ ਦ੍ਰਿਸ਼ ਦੇ ਮੱਦੇਨਜ਼ਰ ਕੀਤੀ ਗਈ ਰਣਨੀਤਿਕ ਤਿਆਰੀ ਦੀ ਸਮੀਖਿਆ ਬਾਰੇ ਰੱਖਿਆ ਮੰਤਰਾਲੇ ਦੇ ਨੁਮਾਇੰਦਿਆਂ ਵੱਲੋਂ ਸੰਸਦੀ ਕਮੇਟੀ ਨੂੰ ਜਾਣੂ ਕਰਵਾਉਣਾ ਸੀ। ਓਰਮ ਨੇ ਕਿਹਾ ਕਿ ਰਾਵਤ ਨੇ ਵਿਸ਼ੇ ਆਧਾਰਤ ਸਾਰੀ ਜਾਣਕਾਰੀ ਬਹੁਤ ਵਧੀਆ ਢੰਗ ਨਾਲ ਕਮੇਟੀ ਅੱਗੇ ਰੱਖੀ। ਸੂਤਰਾਂ ਅਨੁਸਾਰ ਇਸ ਦੌਰਾਨ ਤਿੰਨੋਂ ਸੈਨਾਵਾਂ ਦੇ ਕਮਾਂਡਰਾਂ ਨੇ ਵੀ ਜੰਗ ਦੀ ਤਿਆਰੀ ਸਬੰਧੀ ਆਪੋ-ਆਪਣੀਆਂ ਤਿਆਰੀਆਂ ਬਾਰੇ ਸੰਸਦੀ ਕਮੇਟੀ ਨੂੰ ਜਾਣੂ ਕਰਵਾਇਆ। ਉਨ੍ਹਾਂ ਸੰਸਦ ਮੈਂਬਰਾਂ ਨੂੰ ਹਾਲ ਹੀ ਵਿੱਚ ਖਰੀਦੇ ਗਏ ਨਵੇਂ ਹਥਿਆਰਾਂ, ਵਾਹਨਾਂ ਅਤੇ ਹੋਰ ਵਸਤਾਂ ਅਤੇ ਆਪੋ-ਆਪਣੇ ਬਲਾਂ ’ਚ ਕੀਤੇ ਗਏ ਵਾਧੇ ਬਾਰੇ ਵੀ ਜਾਣੂ ਕਰਵਾਇਆ। ਸੀਡੀਐੱਸ ਬਿਪਿਨ ਰਾਵਤ ਨੇ ਤਿੰਨੋਂ ਸੈਨਾਵਾਂ ਦੀ ਤਿਆਰੀ ਅਤੇ ਸਰਹੱਦੀ ਖੇਤਰਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਉਠਾਏ ਗਏ ਕਦਮਾਂ ਬਾਰੇ ਸਮੁੱਚੀ ਪੇਸ਼ਕਾਰੀ ਦਿੱਤੀ।
ਅੱਜ ਹੋਈ ਮੀਟਿੰਗ ਵਿਚ 31 ਮੈਂਬਰੀ ਸੰਸਦੀ ਕਮੇਟੀ ਦੇ ਕਰੀਬ 11 ਮੈਂਬਰ ਮੌਜੂਦ ਸਨ। ਗੈਰ-ਹਾਜ਼ਰ ਰਹਿਣ ਵਾਲਿਆਂ ਵਿਚ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਸ਼ਾਮਲ ਸਨ। -ਪੀਟੀਆਈ