ਮੁੰਬਈ: ਬੌਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਣਾ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਸਭਿਆਚਾਰਕ ਵਖਰੇਵੇਂ ਤੋਂ ਹਮੇਸ਼ਾਂ ਪ੍ਰਭਾਵਿਤ ਰਿਹਾ ਹੈ। ਅਦਾਕਾਰ ਨੇ ‘ਮੇਰੀ ਪਿਆਰੀ ਬਿੰਦੂ’, ‘ਬਾਲਾ’ ਅਤੇ ‘ਦਮ ਲਗਾ ਕੇ ਹਈਸ਼ਾ’ ਵਰਗੀਆਂ ਫਿਲਮਾਂ ਛੋਟੇ ਸ਼ਹਿਰਾਂ ਵਿੱਚ ਸ਼ੂਟ ਕੀਤੀਆਂ ਪਰ ਆਉਣ ਵਾਲੀ ਫਿਲਮ ‘ਅਨੇਕ’ ਲਈ ਉੱਤਰ-ਪੂਰਬ ਵਿੱਚ ਵੱਡੀ ਪੱਧਰ ’ਤੇ ਸ਼ੂਟਿੰਗ ਕੀਤੀ ਜਾ ਰਹੀ ਹੈ। ਉਸ ਨੇ ਕਿਹਾ, ‘‘ਮੈਂ ਬਚਪਨ ਤੋਂ ਹੀ ਭਾਰਤ ਦੇ ਵੱਖ-ਵੱਖ ਥਾਵਾਂ ਦੇ ਸਭਿਆਚਾਰਾਂ ਅਤੇ ਪਰੰਪਰਾਵਾਂ ਤੋਂ ਪ੍ਰਭਾਵਿਤ ਰਿਹਾ ਹਾਂ। ਮੇਰੇ ਮਾਤਾ-ਪਿਤਾ ਨੇ ਮੈਨੂੰ ਦੱਸਿਆ ਕਿ ਮੇਰੇ ਦੇਸ਼ ਵਿੱਚ ਕਿੰਨੀ ਵੰਨ-ਸੁਵੰਨਤਾ ਪਾਈ ਜਾਂਦੀ ਹੈ ਅਤੇ ਭਾਰਤ ਦੇ ਵੱਖ-ਵੱਖ ਸਭਿਆਚਾਰਾਂ ਬਾਰੇ ਪਤਾ ਕਰਨ ਅਤੇ ਉਨ੍ਹਾਂ ਪ੍ਰਤੀ ਸਨਮਾਨ ਰੱਖਣ ਦੀ ਭਾਵਨਾ ਮੇਰੇ ਮਨ ਵਿੱਚ ਉਨ੍ਹਾਂ ਹੀ ਪੈਦਾ ਕੀਤੀ। ਭਾਰਤੀ ਹੋਣ ਦੇ ਨਾਤੇ ਅਸੀਂ ਐਨੇ ਸਭਿਆਚਾਰਾਂ ਦਾ ਆਨੰਦ ਮਾਣਦੇ ਹਾਂ ਅਤੇ ਵੰਨ-ਸੁਵੰਨਤਾ ਦੀ ਅਮੀਰੀ ਦਾ ਤਜਰਬਾ ਹਾਸਲ ਕਰ ਸਕਦੇ ਹਾਂ।’’
ਆਯੂਸ਼ਮਾਨ ‘ਅਨੇਕ’ ਤੋਂ ਇਲਾਵਾ ਅਭਿਸ਼ੇਕ ਕਪੂਰ ਵੱਲੋਂ ਨਿਰਦੇਸ਼ਿਤ ਫਿਲਮ ‘ਚੰਡੀਗੜ੍ਹ ਕਰੇ ਆਸ਼ਕੀ’ ਵਿੱਚ ਵਾਣੀ ਕਪੂਰ ਅਤੇ ਅਨੁਭੂਤੀ ਕਸ਼ਯਪ ਦੀ ‘ਡਾਕਟਰ ਜੀ’ ਵਿੱਚ ਰਕੁਲਪ੍ਰੀਤ ਸਿੰਘ ਨਾਲ ਨਜ਼ਰ ਆਵੇਗਾ। -ਆਈਏਐੱਨਐੱਸ