ਪੱਤਰ ਪ੍ਰੇਰਕ
ਸਮਰਾਲਾ, 10 ਮਾਰਚ
ਪੰਜਾਬ ਵਿੱਚ ਵੱਖ-ਵੱਖ ਸਮਿਆਂ ’ਤੇ ਉਠਦੀਆਂ ਅਲਾਮਤਾਂ ਖ਼ਿਲਾਫ਼ ਅਤੇ ਲੋਕ ਘੋਲ਼ਾਂ ਦੇ ਹੱਕ ਵਿੱਚ ਰੰਗਮੰਚ ਰਾਹੀਂ ਲੜਨ ਅਤੇ ਅੜਨ ਦਾ ਸੁਨੇਹਾ ਲੈ ਕੇ ਤੁਰਨ ਵਾਲੇ ਅਕਸ ਰੰਗਮੰਚ ਸਮਰਾਲਾ ਨੇ ਹੁਣ ਕਿਸਾਨੀ ਸੰਘਰਸ਼ ਲਈ ਪਿੰਡ-ਪਿੰਡ ਜਾ ਕੇ ਹੋਕਾ ਦੇਣ ਦਾ ਕਾਰਜ ਆਰੰਭ ਕੀਤਾ ਹੈ। ਰਾਜਵਿੰਦਰ ਸਮਰਾਲਾ ਦੀ ਅਗਵਾਈ ਹੇਠ ਦਰਜ਼ਨਾਂ ਪਿੰਡਾਂ ਵਿੱਚ ਖੇਡੇ ਗਏ ਇਸ ਨਾਟਕ ਨੂੰ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਪਿੰਡ ਬਰਵਾਲ਼ੀ ਵਿੱਚ ਸਫ਼ਲ ਮੰਚਨ ਤੋਂ ਬਾਅਦ ਗੱਲਬਾਤ ਦੌਰਾਨ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ ਟੀਮ ਵੱਲੋਂ ਖੇਡੇ ਜਾ ਰਹੇ ਇਸ ਨਾਟਕ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਹੈ ਕਿਉਂ ਕਿ ਇਸ ਨਾਟਕ ਦਾ ਮੁੱਢ ਸਿੰਘੂ ਬਾਡਰ ’ਤੇ ਸੰਘਰਸ਼ ਕਰਦੇ ਕਿਸਾਨਾਂ ਦੀ ਸਟੇਜ ਤੋਂ ਜਾ ਕੇ ਬੰਨ੍ਹਿਆ ਗਿਆ ਸੀ। ਇਹ ਨਾਟਕ ਕਿਸਾਨੀ ਅੰਦੋਲਨ ਦੀ ਤਰਜਮਾਨੀ ਕਰਦਾ ਹੈ ਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਅੰਨਦਾਤੇ ਦੀ ਜ਼ਿੰਦਗੀ ਦੇ ਦੁਖਾਂਤ ਨੂੰ ਵੀ ਬਾਖੂਬੀ ਪੇਸ਼ ਕਰਦਾ ਹੈ।