ਜਸਬੀਰ ਸ਼ੇਤਰਾ
ਜਗਰਾਉਂ, 25 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਚੋਣ ਮੈਦਾਨ ’ਚ ਨਿੱਤਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਨੇੜਲੇ ਪਿੰਡ ਗਾਲਬਿ ਕਲਾਂ ਪਹੁੰਚੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਉਹ ਚੋਣ ਲੜਨ ਲਈ ਬਣੇ ‘ਸੰਯੁਕਤ ਸਮਾਜ ਮੋਰਚਾ’ ਦਾ ਹਿੱਸਾ ਨਹੀਂ ਬਣਨਗੇ। ਧਨੇਰ ਨੇ ਕਿਹਾ ਕਿ ਡੇਢ ਸਾਲ ਦੇ ਲੰਮੇ ਸੰਘਰਸ਼ ’ਚ ਉਸਰੀ ਕਿਸਾਨ ਮੋਰਚੇ ਦੀ ਏਕਤਾ ਨੂੰ ਕਿਸੇ ਵੀ ਕੀਮਤ ’ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਲੋਕ ਭਾਵਨਾਵਾਂ ਸਰਕਾਰ ਬਣਾਉਣਾ ਚਾਹੁੰਦੀਆਂ ਹਨ ਪਰ ਅਜੋਕੇ ਹਾਲਾਤ ’ਚ ਸੰਘਰਸ਼ ਤੇ ਏਕਤਾ ਹੀ ਇਕੋ ਇਕ ਮੂਲਮੰਤਰ ਹੈ। ਬੀਕੇਯੂ ਏਕਤਾ ਡਕੌਂਦਾ ਵੱਲੋਂ ਇਲਾਕੇ ਦੇ ਵੱਡੇ ਪਿੰਡ ਗਾਲਬਿ ਕਲਾਂ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ’ਚ ਸ਼ੁਕਰਾਨੇ ਵਜੋਂ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਸਮੇਂ ਗੁਰਦੁਆਰੇ ਵਿੱਚ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੂਬਾਈ ਆਗੂ ਮਨਜੀਤ ਸਿੰਘ ਧਨੇਰ, ਲੋਕ ਆਗੂ ਕੰਵਲਜੀਤ ਖੰਨਾ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਮਾਸਟਰ ਜਗਤਾਰ ਸਿੰਘ ਦੇਹੜਕਾ, ਤਾਰਾ ਸਿੰਘ ਅੱਚਰਵਾਲ, ਗੁਰਪ੍ਰੀਤ ਸਿੰਘ ਸਿੱਧਵਾਂ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਯੂਰੀਆ ਦੀ ਕਿੱਲਤ ਖ਼ਿਲਾਫ਼ ਐੱਸਡੀਐੱਮ ਦਫਤਰ ਅੱਗੇ ਧਰਨਾ ਦੇਣ ਦਾ ਸੱਦਾ ਦਿੱਤਾ। ਕਿਸਾਨ ਸੰਘਰਸ਼ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।