ਰਵਿੰਦਰ ਰਵੀ
ਬਰਨਾਲਾ, 17 ਨਵੰਬਰ
ਵਿਜੀਲੈਂਸ ਵਿਭਾਗ ਨੇ ਅੱਜ ਭ੍ਰਿਸ਼ਟਾਚਾਰ ਦੇ ਚਾਰ ਮਹੀਨੇ ਪੁਰਾਣੇ ਕੇਸ ‘ਚ ਨਾਮਜ਼ਦ ਥਾਣੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਵਿਭਾਗ ਦੇ ਡੀਐੱਸਪੀ ਸੁਰਿੰਦਰ ਪਾਲ ਬਾਂਸਲ ਨੇ ਦੱਸਿਆ ਕਿ ਹਰਪ੍ਰੀਤ ਕੌਰ ਵਾਸੀ ਰੂੜਕੇ ਕਲਾਂ ਵੱਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਮਗਰੋਂ ਥਾਣੇਦਾਰ ਬਲਦੇਵ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅੱਜ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਵਾਸੀ ਰੂੜੇਕੇ ਕਲਾਂ ਵੱਲੋਂ ਮਿਤੀ 18/4/2019 ਨੂੰ ਪੁਲੀਸ ਹੈਲਪਲਾਈਨ ’ਤੇ ਪਰਮਜੀਤ ਸਿੰਘ ਵਾਸੀ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਸੁਖਪਾਲ ਕੌਰ ਵਾਸੀ ਪਿਆਰਾ ਕਲੋਨੀ ਬਰਨਾਲਾ ਅਤੇ ਤੇ ਹੋਰਨਾਂ ਵਿਰੁੱਧ ਕੀਤੀ ਗਈ ਸ਼ਿਕਾਇਤ ਦੀ ਪੜਤਾਲ ਥਾਣੇਦਾਰ ਬਲਦੇਵ ਸਿੰਘ ਕਰ ਰਿਹਾ ਸੀ।
ਸ਼ਿਕਾਇਤਕਰਤਾ ਰਣਜੀਤ ਸਿੰਘ ਅਤੇ ਨਾਜਰ ਸਿੰਘ ਉਰਫ ਨਾਜਾ ਨੇ ਥਾਣਾ ਰੂੜੇਕੇ ਕਲਾਂ ਵਿਖੇ ਜਾ ਕੇ ਥਾਣੇਦਾਰ ਬਲਦੇਵ ਸਿੰਘ ਤੋਂ ਉਸਦੀ ਪਤਨੀ ਵੱਲੋਂ ਕੀਤੀ ਸ਼ਿਕਾਇਤ ’ਤੇ ਹੋਈ ਕਾਰਵਾਈ ਬਾਰੇ ਪੁੱਛਿਆ ਤਾਂ ਥਾਣੇਦਾਰ ਵੱਲੋਂ ਸ਼ਿਕਾਇਤ ਦੀ ਪੈਰਵੀ ਕਰਵਾਉਣ ਬਦਲੇ 15,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸ ਸਮੇਂ ਰਣਜੀਤ ਸਿੰਘ ਪਾਸ ਸਿਰਫ 3000 ਰੁਪਏ ਸਨ,ਜੋ ਉਸ ਨੇ ਨਾਲ ਗਏ ਨਾਜਰ ਸਿੰਘ ਉਰਫ ਨਾਜਾ ਵਾਸੀ ਰੂੜੇਕੇ ਕਲਾਂ ਦੇ ਸਾਹਮਣੇ ਥਾਣੇਦਾਰ ਬਲਦੇਵ ਸਿੰਘ ਨੂੰ ਬਤੌਰ ਰਿਸ਼ਵਤ ਦੇ ਦਿੱਤੇ । ਥਾਣੇਦਾਰ ਵੱਲੋਂ ਲਈ ਰਿਸ਼ਵਤ ਦੀ ਸ਼ਿਕਾਇਤ ਰਣਜੀਤ ਸਿੰਘ 23/9/19 ਵਿਜੀਲੈਂਸ ਵਿਭਾਗ ਨੂੰ ਕਰ ਦਿੱਤੀ। ਵਿਭਾਗ ਵੱਲੋਂ ਕੀਤੀ ਪੜਤਾਲ ਮਗਰੋਂ ਅੱਜ ਅਦਾਲਤ ‘ਚ ਆਏ ਥਾਣੇਦਾਰ ਬਲਦੇਵ ਸਿੰਘ ਨੂੰ ਵਿਜੀਲੈਂਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ।