ਨਵੀਂ ਦਿੱਲੀ, 9 ਫਰਵਰੀ
ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਦੇ ਸੀਨੀਅਰ ਮੈਂਬਰ ਗੁਲਾਮ ਨਬੀ ਆਜ਼ਾਦ ਦੀ ਤਾਰੀਫ਼ ਕਰਦਿਆਂ ਭਾਵੁਕ ਹੋ ਗਏ। ਜ਼ਿਕਰਯੋਗ ਹੈ ਕਿ ਗੁਲਾਮ ਨਬੀ ਆਜ਼ਾਦ ਦਾ ਉਪਰਲੇ ਸਦਨ ਵਿੱਚ ਕਾਰਜਕਾਲ ਪੂਰਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਅੱਜ ਵਿਦਾਇਗੀ ਦਿੱਤੀ ਗਈ। ਮੋਦੀ ਨੇ ਉਨ੍ਹਾਂ ਨੂੰ ਇਕ ਬਿਹਤਰੀਨ ਦੋਸਤ ਦੱਸਦਿਆਂ ਕਿਹਾ, ‘‘ਸਦਨ ਵਿੱਚ ਵਿਰੋਧੀ ਧਿਰ ਦੇ ਅਗਲੇ ਨੇਤਾ ਨੂੰ ਆਜ਼ਾਦ ਵੱਲੋਂ ਸਥਾਪਤ ਮਾਨਕਾਂ ਨੂੰ ਪੂਰਾ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਆਜ਼ਾਦ ਨੂੰ ਜਿਵੇਂ ਪਾਰਟੀ ਦਾ ਫਿਕਰ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਸਦਨ ਅਤੇ ਮੁਲਕ ਦਾ ਵੀ ਫਿਕਰ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ’ਤੇ ਰਹਿੰਦਿਆਂ ਆਜ਼ਾਦ ਨੇ ਕਦੇ ਆਪਣਾ ਪ੍ਰਭਾਵ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਆਜ਼ਾਦ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸਨ। ਉਨ੍ਹਾਂ ਦਿਨਾਂ ਵਿੱਚ ਕਸ਼ਮੀਰ ਵਿੱਚ ਸੈਲਾਨੀਆਂ ’ਤੇ ਅਤਿਵਾਦੀ ਹਮਲਾ ਹੋਇਆ ਅਤੇ ਕੁਝ ਸੈਲਾਨੀ ਮਾਰੇ ਗਏ ਸਨ। ਇਨ੍ਹਾਂ ਵਿੱਚ ਗੁਜਰਾਤ ਦੇ ਸੈਲਾਨੀ ਵੀ ਸਨ। ਮੋਦੀ ਨੇ ਕਿਹਾ, ‘‘ਉਦੋਂ ਸਭ ਤੋਂ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਫੋਨ ’ਤੇ ਉਨ੍ਹਾਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਦੇ ਹੰਝੂ ਨਹੀਂ ਸਨ ਰੁਕ ਰਹੇ। ਮੈਂ ਤਤਕਾਲੀ ਰੱਖਿਆ ਮੰਤਰੀ ਪ੍ਰਣਬ ਮੁਖਰਜੀ ਤੋਂ ਸੈਲਾਨੀਆਂ ਦੀਆਂ ਮਿ੍ਤਕ ਦੇਹਾਂ ਲਿਆਉਣ ਲਈ ਫੌਜੀ ਹਵਾਈ ਜਹਾਜ਼ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮੰਨ ਲਿਆ। ਰਾਤ ਨੂੰ ਆਜ਼ਾਦ ਨੇ ਮੁੜ ਫੋਨ ਕੀਤਾ ਅਤੇ ਇਹ ਫੋਨ ਉਨ੍ਹਾਂ ਨੇ ਹਵਾਈ ਅੱਡੇ ਤੋਂ ਕੀਤਾ ਸੀ ਅਤੇ ਉਹ ਉਸੇ ਤਰ੍ਹਾਂ ਫਿਕਰਮੰਦ ਸਨ ਜਿਵੇਂ ਲੋਕ ਆਪਣੇ ਪਰਿਵਾਰ ਦੀ ਹੁੰਦੇ ਹਨ।’’ ਇਹ ਬੋਲਦਿਆਂ ਪ੍ਰਧਾਨ ਮੰਤਰੀ ਰੌਣ ਹਾਕੇ ਹੋ ਗਏ। ਉਨ੍ਹਾਂ ਕਿਹਾ, ‘‘ਮੈਂ ਆਜ਼ਾਦ ਦਾ ਬਹੁਤ ਸਤਿਕਾਰ ਕਰਦਾ ਹਾਂ।’’
ਆਜ਼ਾਦ ਦੇ ਨਾਲ ਹੀ ਭਾਜਪਾ ਦੇ ਸ਼ਮਸ਼ੇਰ ਸਿੰਘ ਮਨਹਾਸ ਅਤੇ ਪੀਡੀਪੀ ਦੇ ਮੀਰ ਮੁਹੰਮਦ ਫੈਯਾਜ਼ ਅਤੇ ਨਜ਼ੀਰ ਅਹਿਮਦ ਲਵਾਏ ਦਾ ਵੀ ਕਾਰਜਕਾਲ ਖ਼ਤਮ ਹੋ ਰਿਹਾ ਹੈ। ਆਜ਼ਾਦ ਅਤੇ ਨਜੀਰ ਅਹਿਮਦ ਦਾ ਕਾਰਜਕਾਲ 15 ਫਰਵਰੀ ਅਤੇ ਮਨਹਾਸ ਦਾ ਕਾਰਜਕਾਲ 10 ਫਰਵਰੀ ਨੂੰ ਪੂਰਾ ਹੋ ਰਿਹਾ ਹੈ।
-ਏਜੰਸੀ