ਜਸਬੀਰ ਸਿੰਘ ਚਾਨਾ
ਫਗਵਾੜਾ, 4 ਮਈ
ਅੱਜ ਇਥੋਂ ਦੇ ਰੇਲਵੇ ਰੋਡ ’ਤੇ ਇੱਕ ਸਪੇਅਰ ਪਾਰਟਸ ਦੀ ਦੁਕਾਨ ਦੇ ਮਾਲਕ ਦਾ ਦਿਨ ਦਿਹਾੜੇ ਤੇਜ਼ ਹਥਿਆਰਾ ਨਾਲ ਦੁਕਾਨ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਜਿਸ ਦੀ ਭਿਣਕ ਕਿਸੇ ਗੁਆਂਢੀ ਨੂੰ ਵੀ ਨਹੀਂ ਪੈਣ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ ਹਨ। ਮ੍ਰਿਤਕ ਵਿਅਕਤੀ ਦੀ ਪਛਾਣ ਕਿਸ਼ਨ ਕੁਮਾਰ ਭੱਲਾ (74) ਮਾਲਕ ਭੱਲਾ ਸਪੇਅਰ ਪਾਰਟਸ ਵਾਸੀ ਪੂਰਬੀਆਂ ਮੁਹੱਲਾ ਫਗਵਾੜਾ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਅੰਕੁਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਲੁਧਿਆਣੇ ਤੋਂ ਵਾਪਸ ਆ ਰਿਹਾ ਸੀ ਤਾਂ ਉਹ ਆਪਣੇ ਪਿਤਾ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਕਿਉਂਕਿ ਉਨ੍ਹਾਂ ਨੇ 5 ਵਜੇ ਕਿਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਪਰ ਪਿਤਾ ਨੇ ਫੋਨ ਨਹੀਂ ਚੁੱਕਿਆ ਜਿਸ ਕਰਕੇ ਉਸ ਨੇ ਆਪਣੇ ਚਾਚੇ ਨੂੰ ਫੋਨ ਕਰਕੇ ਕਿਹਾ ਤੇ ਜਦੋਂ ਚਾਚਾ ਮੌਕੇ ’ਤੇ ਪੁੱਜਾ ਤਾਂ ਲਾਸ਼ ਦੁਕਾਨ ਦੇ ਪਿਛਲੇ ਹਿੱਸੇ ’ਚ ਖੂਨ ਨਾਲ ਲੱਥ-ਪੱਥ ਪਈ ਸੀ। ਉਨ੍ਹਾਂ ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ.ਪੀ ਹਰਿੰਦਰ ਸਿੰਘ ਪਰਮਾਰ, ਡੀ.ਐੱਸ.ਪੀ, ਐੱਸ.ਐੱਚ.ਓ ਸਿਟੀ ਅਮਨਦੀਪ ਨਾਹਰ, ਐੱਸ.ਐੱਚ.ਓ ਸਿਕੰਦਰ ਸਿੰਘ, ਐੱਸ.ਐੱਚ.ਓ ਟਰੈਫਿਕ ਅਮਨ ਕੁਮਾਰ, ਪੀ.ਸੀ.ਆਰ. ਇੰਚਾਰਜ ਸੁਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਉਨ੍ਹਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਗਾਇਬ ਹੈ। ਕਤਲ ਕਿਉਂ ਕੀਤਾ ਗਿਆ ਇਸ ਦੀ ਪੁਲੀਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।