ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਟੌਲ ਪਲਾਜ਼ਾ ਮਾਝੀ ਵਿੱਚ ਪੱਕੇ ਧਰਨੇ ਦੌਰਾਨ ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਅਤੇ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ਮਨਾਈ ਗਈ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਸੁਖਦੇਵ ਸਿੰਘ ਬਾਲਦ ਕਲਾਂ ਆਦਿ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਸਿਰਤੋੜ ਯਤਨ ਕੀਤੇ ਜਾਣੇ ਚਾਹੀਦੇ ਹਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਲਹਿਲ ਖੁਰਦ ਕੈਂਚੀਆਂ ਨੇੜੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਅਤੇ ਜਥੇਬੰਦੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਭੁਟਾਲ ਕਲਾਂ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਪੱਕਾ ਮੋਰਚਾ ਅੱਜ 316ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ ਬਰਸੀ ’ਤੇ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਸੱਤਾ ਉੱਤੇ ਕਾਬਜ਼ ਆਗੂਆਂ ਨੇ ਦੇਸ਼ ਦੇ ਕਿਰਤੀਆਂ ਲਈ ਕੁਝ ਕਰਨ ਦੀ ਬਜਾਏ ਸਿਰਫ ਆਪਣੇ ਹੀ ਢਿੱਡ ਭਰੇ ਹਨ।
ਅਮਰਗੜ੍ਹ (ਪੱਤਰ ਪ੍ਰੇਰਕ): ਟੌਲ ਪਲਾਜ਼ਾ ਮਾਹੋਰਾਣਾ ’ਚ ਕਿਸਾਨਾਂ ਵੱਲੋਂ ਲਗਾਏ ਧਰਨੇ ਦੇ 308ਵੇਂ ਦਿਨ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਰਿੰਦਰਜੀਤ ਸਿੰਘ ਸਲਾਰ, ਮਨਜੀਤ ਸਿੰਘ ਭੁੱਲਰਾਂ, ਬਲਬੀਰ ਸਿੰਘ ਬਨਭੌਰਾ,ਮੇਜਰ ਸਿੰਘ, ਚਰਨਜੀਤ ਸਿੰਘ ਹੂਸੈਨਪੁਰਾ ਆਦਿ ਆਗੂਆਂ ਨੇ ਸ਼ਹੀਦ ਬਲਕਾਰ ਸਿੰਘ ਡਕੌਦਾ ਤੇ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸ਼ਰਧਾਂਜਲੀ ਭੇਟ ਕੀਤੀ।