ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਸਤੰਬਰ
ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਮੁਜ਼ੱਫਰਨਗਰ ਵਿੱਚ 5 ਸਤੰਬਰ ਨੂੰ ਹੋਣ ਵਾਲੀ ਕਿਸਾਨ ਮਹਾਪੰਚਾਇਤ, ‘ਮਿਸ਼ਨ ਉੱਤਰ ਪ੍ਰਦੇਸ਼-ਉੱਤਰਾਖੰਡ’ ਦੀ ਸ਼ੁਰੂਆਤ ਕਰੇਗੀ। ਇਨ੍ਹਾਂ ਸੂਬਿਆਂ ਵਿੱਚ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਤੇ ਸਾਰੇ ਖੇਤੀ ਉਤਪਾਦਾਂ ਦੀ ਵਿਆਪਕ ਲਾਗਤ ਦੇ ਡੇਢ ਗੁਣਾਂ ਘੱਟੋ ਘੱਟ ਸਮਰਥਨ ਮੁੱਲ ’ਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੀ ਮੰਗ ਪੂਰੀ ਕਰਨ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਜਾਵੇਗਾ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਕਿਸਾਨਾਂ ਨੇ ਮੁਜ਼ੱਫਰਨਗਰ ਨੂੰ ਚਾਲੇ ਪਾ ਦਿੱਤੇ ਹਨ। ਇਨ੍ਹਾਂ ਵਿੱਚ 15 ਸੂਬਿਆਂ ਦੇ ਕਿਸਾਨ ਸ਼ਾਮਲ ਹਨ। ਆਗੂ ਨੇ ਕਿਹਾ ਕਿ 5 ਸਤੰਬਰ ਦੀ ਮਹਾਪੰਚਾਇਤ ਯੋਗੀ ਤੇ ਮੋਦੀ ਸਰਕਾਰਾਂ ਨੂੰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਸ਼ਕਤੀ ਦਾ ਅਹਿਸਾਸ ਕਰਵਾਏਗੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ਇਹ ਵੀ ਸਾਬਤ ਕਰੇਗੀ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 9 ਮਹੀਨਿਆਂ ਤੋਂ ਚੱਲ ਰਹੀ ਕਿਸਾਨ ਲਹਿਰ ਨੂੰ ਸਾਰੀਆਂ ਜਾਤਾਂ, ਧਰਮਾਂ, ਰਾਜਾਂ, ਵਰਗਾਂ, ਛੋਟੇ ਵਪਾਰੀਆਂ ਤੇ ਸਮਾਜ ਦੇ ਸਾਰੇ ਵਰਗਾਂ ਦਾ ਸਮਰਥਨ ਪ੍ਰਾਪਤ ਹੈ। ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮੁਜ਼ੱਫਰਨਗਰ ਮਹਾਪੰਚਾਇਤ ਹੋਵੇਗੀ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨਾਂ ਲਈ ਖਾਣੇ ਦਾ ਪ੍ਰਬੰਧ ਕਰਨ ਲਈ 500 ਲੰਗਰ ਸ਼ੁਰੂ ਕੀਤੇ ਗਏ ਹਨ। ਸ਼ਿਵਕੁਮਾਰ ਸ਼ਰਮਾ ‘ਕੱਕਾਜੀ’ ਨੇ ਕਿਹਾ ਕਿ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀਆਂ ਜਾਂਚ ਲਈ 100 ਮੈਡੀਕਲ ਕੈਂਪ ਵੀ ਲਗਾਏ ਗਏ ਹਨ। ਕਿਸਾਨ ਆਗੂ ਯੁੱਧਵੀਰ ਸਿੰਘ ਨੇ ਮੁਜ਼ੱਫਰਨਗਰ ਤੇ ਨੇੜਲੇ ਜ਼ਿਲ੍ਹਿਆਂ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਲਕੇ 5 ਸਤੰਬਰ ਨੂੰ ਮਹਾਪੰਚਾਇਤ ਵਿੱਚ ਹਿੱਸਾ ਲੈਣ ਤੇ ਬਾਹਰੋਂ ਆਏ ਕਿਸਾਨਾਂ ਦੀ ਸਹਾਇਤਾ ਕਰਨ ਲਈ ਸਮਾਂ ਕੱਢਣ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਹੁਣ ਪੰਜਾਬ ਸਰਕਾਰ ਨੂੰ 8 ਸਤੰਬਰ ਤੋਂ ਪਹਿਲਾਂ ਕਿਸਾਨਾਂ ਵਿਰੁੱਧ ਦਾਇਰ ਕੀਤੇ ਸਾਰੇ ਫਰਜ਼ੀ ਕੇਸ ਵਾਪਸ ਲੈਣ ਦਾ ਅਲਟੀਮੇਟਮ ਦਿੱਤਾ ਹੈ।ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੁਜ਼ੱਫਰਨਗਰ ’ਚ ਕੀਤੀ ਜਾਣ ਵਾਲੀ ਮਹਾਪੰਚਾਇਤ ਦੇਸ਼ ’ਚ ਨਵਾਂ ਇਤਿਹਾਸ ਸਿਰਜੇਗੀ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਹਜ਼ਾਰਾਂ ਕਿਸਾਨ ਮੁਜ਼ੱਫਰਨਗਰ ਲਈ ਰਵਾਨਾ ਹੋ ਗਏ ਹਨ।
ਸੁਰੱਖਿਆ ਦੇ ਕਰੜੇ ਇੰਤਜ਼ਾਮ
ਮੁਜ਼ੱਫਰਨਗਰ: ਐਤਵਾਰ ਨੂੰ ਹੋ ਰਹੀ ਕਿਸਾਨ ਮਹਾਪੰਚਾਇਤ ਦੇ ਮੱਦੇਨਜ਼ਰ ਪੀਏਸੀ ਦੀਆਂ ਛੇ ਕੰਪਨੀਆਂ ਅਤੇ ਰੈਪਿਡ ਐਕਸ਼ਨ ਫੋਰਸ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਸਹਾਰਨਪੁਰ ਰੇਂਜ ਦੇ ਡੀਆਈਜੀ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਇਸ ਸਮਾਗਮ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਦੋਂ ਕਿ ਪੰਜ ਐੱਸਐੱਸਪੀਜ਼, ਸੱਤ ਏਐੱਸਪੀਜ਼ ਅਤੇ 40 ਪੁਲੀਸ ਇੰਸਪੈਕਟਰਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। -ਪੀਟੀਆਈ