ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੁਲਾਈ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਕੌਮੀ ਰਾਜਧਾਨੀ ਨੇ ਕਰੋਨਾਵਾਇਰਸ ਦੀ ਦੂਜੀ ਲਹਿਰ ’ਤੇ ਕੰਟਰੋਲ ਹਾਸਲ ਕਰ ਲਿਆ ਹੈ ਤੇ ਸਰਕਾਰ ਮਹਾਮਾਰੀ ਨਾਲ ਲੜਨ ਲਈ ਆਪਣਾ ਬੁਨਿਆਦੀ ਢਾਂਚਾ ਵਧਾ ਰਹੀ ਹੈ। ਦਿੱਲੀ ਵਿਚ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਹਰ ਰੋਜ਼ ਵੱਡੀ ਗਿਣਤੀ ਵਿਚ ਜਾਨਾਂ ਲਈਆਂ। ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਘਾਟ ਦਾ ਕਾਰਨ ਬਣਿਆ। 20 ਅਪਰੈਲ ਨੂੰ ਸ਼ਹਿਰ ਵਿਚ ਰਿਕਾਰਡ 28,395 ਕੇਸ ਦਰਜ ਹੋਏ ਸਨ। 22 ਅਪਰੈਲ ਨੂੰ ਕੇਸ ਦੀ ਪਾਜ਼ੇਟਿਵ ਦਰ 36.2 ਫੀਸਦ ਸੀ, ਜੋ ਹੁਣ ਤੱਕ ਦੀ ਸਭ ਤੋਂ ਉੱਚੀ ਹੈ। 3 ਮਈ ਨੂੰ 448 ਸਭ ਤੋਂ ਵੱਧ ਮੌਤਾਂ ਹੋਈਆਂ। ਮੱਧ ਮਈ ਦੇ ਆਸ ਪਾਸ ਕੇਸ ਘਟਣੇ ਸ਼ੁਰੂ ਹੋਏ ਸਨ ਤੇ ਹੁਣ ਪਾਜ਼ੇਟਿਵ ਦਰ ਇਕ ਫੀਸਦੀ ਤੋਂ ਹੇਠਾਂ ਹੈ।
ਸਿਹਤ ਮੰਤਰੀ ਨੇ ਇੱਕ ਟਵੀਟ ਵਿੱਚ ਕਿਹਾ, ‘‘ਦਿੱਲੀ ਨੇ ਕੋਵਿਡ-19 ਦੀ ਦੂਜੀ ਲਹਿਰ ’ਤੇ ਆਪਣਾ ਕਬਜ਼ਾ ਕਰ ਲਿਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਸਮੇਂ ਸਿਰ ਕਾਰਵਾਈ ਤੇ ਸਰਗਰਮ ਫ਼ੈਸਲੇ ਲੈਣ ਦੇ ਕਾਰਨ ਸੰਭਵ ਹੋਇਆ ਹੈ। ਦਿੱਲੀ ਸਰਕਾਰ ਕਰੋਨਾ ਦੇ ਵਿਰੁੱਧ ਲੜਾਈ ਵਿਚ ਆਪਣੇ ਬੁਨਿਆਦੀ ਢਾਂਚੇ ਨੂੰ ਸਰਗਰਮੀ ਨਾਲ ਮਜ਼ਬੂਤ ਕਰ ਰਹੀ ਹੈ। #ਦਿੱਲੀ ਫਾਈਟਸ ਕਰੋਨਾ ਵੀਡੀਓ ਵਿਚ ਸਰਕਾਰ ਦੀਆਂ ਵੱਖ ਵੱਖ ਪਹਿਲਕਦਮੀਆਂ ਜਿਵੇਂ ਕਿ ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲਗਾਉਣਾ, ਰਿਕਾਰਡ ਸਮੇਂ ਵਿਚ ਆਈ.ਸੀ.ਯੂ. ਬੈੱਡ, ਕੋਵਿਡ ਡਿਊਟੀ ’ਤੇ ਮੰਤਰੀਆਂ ਦੀ ਤਾਇਨਾਤੀ, ਕੋਵਿਡ ਪ੍ਰਬੰਧਨ ਲਈ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਰੂਮ ਨੂੰ ਉਭਾਰਿਆ ਗਿਆ, ਜਿਸ ਨੂੰ 10 ਦਿਨਾਂ ਵਿਚ ਬਣਾਇਆ ਗਿਆ।
ਰਾਜਧਾਨੀ ਵਿੱਚ 77 ਨਵੇਂ ਕੇਸ, ਇੱਕ ਕਰੋਨਾ ਮਰੀਜ਼ ਦੀ ਮੌਤ
ਬੁੱਧਵਾਰ ਨੂੰ ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਦੇ ਅਨੁਸਾਰ ਦਿੱਲੀ ਵਿੱਚ ਇੱਕ ਹੀ ਦਿਨ ਵਿੱਚ ਕੋਵਿਡ-19 ਦੇ 77 ਕੇਸ ਦਰਜ ਕੀਤੇ ਗਏ, ਜਿਸ ਨਾਲ ਕੌਮੀ ਰਾਜਧਾਨੀ ’ਚ ਮਰੀਜ਼ਾਂ ਦੀ ਗਿਣਤੀ 14,35,281 ਹੋ ਗਈ। ਇਸ ਦੌਰਾਨ ਸਿਰਫ ਇੱਕ ਦੀ ਮੌਤ ਦਰਜ ਕੀਤੀ ਗਈ, ਜਿਸ ਤੋਂ ਬਾਅਦ ਸ਼ਹਿਰ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 25,021 ਹੈ। ਪਿਛਲੇ 24 ਘੰਟਿਆਂ ਦੌਰਾਨ ਠੀਕ ਹੋਣ ਵਾਲਿਆਂ ਦੀ ਗਿਣਤੀ 71 ਅਤੇ ਹੁਣ ਤੱਕ 1,40,9,572 ਲੋਕ ਸਿਹਤਮੰਦ ਹੋ ਚੁੱਕੇ ਹਨ। ਬੁੱਧਵਾਰ ਦਾ ਰੋਜ਼ਾਨਾ ਕੇਸ ਗਿਣਨ ਦਾ ਅੰਕੜਾ ਸੋਮਵਾਰ ਦੇ ਦਿਨ ਤੋਂ ਇੱਕ ਵਧ ਹੈ ਜਦੋਂ ਸ਼ਹਿਰ ਵਿੱਚ ਇੱਕ ਸਾਲ ਵਿੱਚ ਸਭ ਤੋਂ ਘੱਟ ਇੱਕ ਦਿਨ ਵਿੱਚ 45 ਕੇਸ ਦਰਜ ਹੋਏ। ਦਿੱਲੀ ਨੇ ਮੰਗਲਵਾਰ ਨੂੰ ਕੋਵਿਡ-19 ਬੁਲੇਟਿਨ ਜਾਰੀ ਨਹੀਂ ਕੀਤਾ।