ਖੇਤਰੀ ਪ੍ਰਤੀਨਿਧ
ਪਟਿਆਲਾ, 8 ਫਰਵਰੀ
ਸੂਬੇ ਦੇ ਲੋੜਵੰਦ ਲੋਕਾਂ ਨੂੰ 5 ਲੱਖ ਦੀ ਮੁਫ਼ਤ ਇਲਾਜ ਸਹੂਲਤ ਪ੍ਰਦਾਨ ਕਰਨ ਲਈ ਆਰੰਭ ਕੀਤੀ ਗਈ ਸਕੀਮ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਟਿਆਲਾ ਜ਼ਿਲ੍ਹੇ ’ਚ 3 ਲੱਖ 2 ਹਜ਼ਾਰ 186 ਲਾਭਪਾਤਰੀਆਂ ਦੇ ਕਾਰਡ ਬਣਾਏ ਗਏ ਹਨ। ਜਿਨ੍ਹਾਂ ਵਿੱਚੋਂ 55 ਹਜ਼ਾਰ ਨੂੰ 40 ਕਰੋੜ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਮੀਖਿਆ ਮੀਟਿੰਗ ਦੌਰਾਨ ਏਡੀਸੀ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਇਸ ਸਕੀਮ ਦਾ ਲਾਭ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਕੋਲ ਰਜਿਸਟਰਡ ਕਾਮੇ, ਜੇ ਫਾਰਮ ਧਾਰਕ ਕਿਸਾਨ, ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਐਕਰੀਡੇਸ਼ਨ ਤੇ ਪੀਲਾ ਕਾਰਡ ਧਾਰਕ ਪੱਤਰਕਾਰ, ਆਬਕਾਰੀ ਤੇ ਕਰ ਵਿਭਾਗ ਵੱਲੋਂ ਰਜਿਸਟਰਡ ਲਾਭਪਾਤਰੀ ਵਪਾਰੀ ਆਦਿ ਹਾਸਲ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਕਾਰਡ ਬਣਾਉਣ ਦੇ ਕੰਮ ’ਚ ਹੋਰ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਯੋਜਨਾ ਤਹਿਤ 15 ਸਰਕਾਰੀ ਅਤੇ 45 ਸੂਚੀਬੱਧ ਨਿੱਜੀ ਹਸਪਤਾਲਾਂ ’ਚ ਮੁਫ਼ਤ ਇਲਾਜ ਦੀ ਸਹੂਲਤ ਉਪਲਬਧ ਹੈ। ਜ਼ਿਲ੍ਹੇ ’ਚ ਐਸ.ਐਮ.ਓਜ਼ ਵੱਲੋਂ ਸਬ-ਡਵੀਜ਼ਨ ਪੱਧਰ ’ਤੇ ਆਸ਼ਾ ਵਰਕਰਾਂ ਰਾਹੀਂ ਯੋਗ ਲਾਭਪਾਤਰੀਆਂ ਤੱਕ ਪਹੁੰਚ ਕਰਕੇ ਈ-ਕਾਰਡ ਬਣਵਾਏ ਜਾ ਰਹੇ ਹਨ।