ਜੱਗਾ ਸਿੰਘ ਆਦਮਕੇ
ਸੱਭਿਆਚਾਰ ਇੱਕ ਵਿਸ਼ਾਲ ਵਰਤਾਰਾ ਹੈ। ਇਸ ਵਿੱਚ ਸਬੰਧਿਤ ਸਮਾਜ ਦੇ ਸਾਰੇ ਪੱਖ ਸਿੱਧੇ ਅਸਿੱਧੇ ਤਰੀਕੇ ਨਾਲ ਸਮਾਏ ਹੁੰਦੇ ਹਨ। ਕੁਝ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਹੈ। ਇਹ ਕੁਦਰਤ, ਰੁੱਤਾਂ, ਰੁੱਖਾਂ, ਪਸ਼ੂਆਂ, ਪੰਛੀਆਂ ਸਮੇਤ ਮਨੁੱਖੀ ਜ਼ਿੰਦਗੀ ਦੇ ਹਰ ਪੱਖ ਨੂੰ ਆਪਣੇ ਵਿੱਚ ਵੱਖ ਵੱਖ ਤਰੀਕਿਆਂ ਨਾਲ ਸਮੋਈ ਬੈਠਾ ਹੈ। ਖੂਹ, ਟੋਭੇ, ਛੱਪੜ, ਸੱਥ ਤੇ ਦੂਸਰੇ ਪੱਖ ਤੇ ਸਾਧਨ ਵੀ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਹਿੱਸਾ ਹਨ। ਇਸੇ ਤਰ੍ਹਾਂ ਹੀ ਖੂਹ ਦੂਸਰੇ ਸੱਭਿਆਚਾਰ ਦੇ ਲੋਕਾਂ ਦੇ ਨਾਲ ਨਾਲ ਪੰਜਾਬੀਆਂ ਵਿੱਚ ਹਰਮਨ ਪਿਆਰਾ ਅਤੇ ਪੰਜਾਬੀ ਸੱਭਿਆਚਾਰ ਵਿੱਚ ਖਾਸ ਸਥਾਨ ਰੱਖਣ ਵਾਲਾ ਹੈ।
ਪਾਣੀ ਮਨੁੱਖ ਅਤੇ ਦੂਸਰੇ ਜੀਵਾਂ ਲਈ ਜ਼ਰੂਰੀ ਲੋੜ ਹੈ। ਪੁਰਾਤਨ ਸਮੇਂ ਤੋਂ ਹੀ ਮਨੁੱਖ ਕੁਦਰਤੀ ਜਲ ਸਰੋਤਾਂ ’ਤੇ ਨਿਰਭਰ ਰਹਿੰਦਾ ਰਿਹਾ ਹੈ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਲਗਾਤਾਰ ਸਾਧਨਾਂ ਦੀ ਖੋਜ ਤਹਿਤ ਪਾਣੀ ਸਰੋਤ ਦੇ ਰੂਪ ਵਿੱਚ ਖੂਹ ਲੱਭਿਆ ਗਿਆ। ਇਸ ਤਰ੍ਹਾਂ ਪੁਰਾਤਨ ਸਮਿਆਂ ਤੋਂ ਖੂਹ ਪਾਣੀ ਦਾ ਇੱਕ ਬੇਹੱਦ ਮਹੱਤਵਪੂਰਨ ਸਰੋਤ ਰਿਹਾ ਹੈ। ਖੂਹ ਲੋਕਾਂ ਨੂੰ ਪਾਣੀ ਪ੍ਰਦਾਨ ਕਰਨ ਦਾ ਸਾਧਨ ਹੋਣ ਦੇ ਨਾਲ ਨਾਲ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਖੂਹ ਦਾ ਜ਼ਿਕਰ ਪੰਜਾਬੀ ਸਾਹਿਤ, ਲੋਕ ਸਾਹਿਤ, ਗੀਤਾਂ, ਕਹਾਵਤਾਂ ਆਦਿ ਵਿੱਚ ਅਕਸਰ ਮਿਲਦਾ ਹੈ। ਸਾਫ਼ ਤੇ ਤਾਜ਼ਾ ਪਾਣੀ ਪ੍ਰਾਪਤ ਕਰਨ ਦੇ ਆਧੁਨਿਕ ਸਾਧਨਾਂ ਦੀ ਘਾਟ ਕਾਰਨ ਲੋਕ ਪਾਣੀ ਪ੍ਰਾਪਤੀ ਲਈ ਖੂਹ ’ਤੇ ਨਿਰਭਰ ਸਨ। ਇਸ ਲਈ ਭਾਰਤ ਦੇ ਦੂਸਰੇ ਹਿੱਸਿਆਂ ਸਮੇਤ ਪੰਜਾਬ ਦੇ ਪਿੰਡਾਂ, ਨਗਰਾਂ ਵਿੱਚ ਲੋਕਾਂ ਵੱਲੋਂ ਸਾਂਝੇ ਖੂਹ ਖੁਦਵਾਏ ਜਾਂਦੇ ਸਨ। ਸਾਧਨ ਸਪੰਨ ਲੋਕਾਂ ਵੱਲੋਂ ਨਿੱਜੀ ਖੂਹ ਵੀ ਲਗਵਾਏ ਜਾਂਦੇ ਸਨ। ਸਾਂਝੇ ਘੂਹਾਂ ਦੀ ਘਰ ਤੋਂ ਦੂਰੀ ਅਤੇ ਵਿੱਤੀ ਸਾਧਨਾਂ ਸਦਕੇ ਸਰਦੇ ਪੁੱਜਦੇ ਘਰ ਆਪਣਾ ਨਿੱਜੀ ਖੂਹ ਖੁਦਵਾਉਂਦੇ ਸਨ। ਅਜਿਹਾ ਹੋਣ ਕਾਰਨ ਕਿਸੇ ਕੋਲ ਨਿੱਜੀ ਖੂਹ ਹੋਣਾ ਪਾਣੀ ਦੇ ਨਿੱਜੀ ਸਾਧਨ ਤੋਂ ਅੱਗੇ ਹੋਰ ਅਰਥ ਵੀ ਰੱਖਦਾ ਸੀ। ਅਜਿਹਾ ਹੋਣ ਕਾਰਨ ਧੀਆਂ ਦੀ ਇੱਛਾ ਹੁੰਦੀ ਸੀ ਕਿ ਉਨ੍ਹਾਂ ਨੂੰ ਅਜਿਹਾ ਘਰ ਮਿਲੇ ਜਿਸ ਕੋਲ ਆਪਣਾ ਖੂਹ ਹੋਵੇ:
ਦੇਈਂ ਵੇ ਬਾਬਲਾ ਓਸ ਘਰੇ
ਜਿੱਥੇ ਵਗਣ ਦੋਵਾਟੇ ਖੂਹ।
ਠੰਢਾ ਮਿੱਠਾ ਜਲ ਮਿਲੇ
ਮੇਰੀ ਖਿੜੀ ਰਹੇ ਸਦਾ ਰੂਹ।
ਵੇ ਬਾਬਲਾ ਤੇਰਾ ਪੁੰਨ ਹੋਵੇ।
ਖੂਹ ’ਤੇ ਪਾਣੀ ਭਰਨ ਵਾਲਿਆਂ ਵੱਲੋਂ ਆਮ ਗੱਲਾਂ ਤੇ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਹੁੰਦੀ ਸੀ। ਲੋਕਾਂ ਦੇ ਘਰ ਪਰਿਵਾਰਾਂ ਵਿੱਚ ਵਾਪਰਨ ਵਾਲੀਆਂ ਗੰਭੀਰ ਕਿਸਮ ਦੀਆਂ ਗੱਲਾਂ ਦਾ ਸੰਚਾਰ ਵੀ ਖੂਹ ’ਤੇ ਹੀ ਹੁੰਦਾ ਸੀ। ਅਜਿਹਾ ਹੋਣ ਕਾਰਨ ਲੋਕਾਂ ਨੂੰ ਲੱਜ ਅਤੇ ਖੂਹ ਟੋਭਿਆਂ ’ਤੇ ਗੱਲਾਂ ਹੋਣ ਦਾ ਡਰ ਆਮ ਹੀ ਰਹਿੰਦਾ ਸੀ:
ਸੁਣ ਨੀਂ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ।
ਨੀਂ ਖੂਹ ਟੋਭੇ ’ਤੇ ਚਰਚਾ ਹੁੰਦੀ
ਚਰਚਾ ਨਾ ਕਰਵਾਈਏ।
ਧਰਮੀ ਬਾਬਲ ਦੀ
ਪੱਗ ਨੂੰ ਦਾਗ ਨਾ ਲਾਈਏ।
ਖੂਹ ਪੀਣ ਦੇ ਪਾਣੀ ਦਾ ਸਰੋਤ ਹੋਣ ਦੇ ਨਾਲ ਨਾਲ ਲੋਕਾਂ ਲਈ ਮੇਲ ਮਿਲਾਪ ਦਾ ਸਰੋਤ ਵੀ ਰਿਹਾ ਹੈ। ਲੋਕ ਗੀਤਾਂ ਵਿੱਚ ਇਸ ਸਬੰਧੀ ਵਰਣਨ ਕੁਝ ਇਸ ਤਰ੍ਹਾਂ ਕੀਤਾ ਮਿਲਦਾ ਹੈ:
ਖੂਹ ’ਤੇ ਪਾਣੀ ਮੈਂ ਭਰਾਂ
ਚੀਰੇ ਵਾਲਿਆ ਵੇ।
ਆ ਗਾਗਰ ਨੂੰ ਹੱਥ ਲਵਾ
ਤੈਨੂੰ ਮਿਲਣ ਦਾ ਦਿਲ ਮੇਰੇ ਚਾਅ।
ਖੂਹ ਸੱਭਿਆਚਾਰ ਦੇ ਪੱਖ ਤੋਂ ਪੰਜਾਬੀ ਮੁਟਿਆਰਾਂ ਦੇ ਪਹਿਰਾਵੇ ਤੇ ਹਾਰ ਸ਼ਿੰਗਾਰ ਦੇ ਦਰਸ਼ਨ ਕਰਵਾਉਣ ਵਾਲੀ ਥਾਂ ਵੀ ਸਾਬਤ ਹੁੰਦਾ ਹੈ। ਖੂਹ ਤੋਂ ਪਾਣੀ ਭਰਨ ਜਾਣ ਸਮੇਂ ਆਮ ਕਰਕੇ ਵਿਆਹੁਤਾ ਮੁਟਿਆਰਾਂ ਪੂਰਾ ਹਾਰ ਸ਼ਿੰਗਾਰ ਕਰਕੇ ਅਤੇ ਬਣ ਸੰਵਰ ਕੇ ਜਾਂਦੀਆਂ ਸਨ। ਇਸ ਸਮੇਂ ਉਨ੍ਹਾਂ ਨੇ ਪੂਰੇ ਗਹਿਣੇ ਗੱਟੇ ਪਾਏ ਹੁੰਦੇ ਸਨ। ਖੂਹ ’ਤੇ ਪਾਣੀ ਭਰਨ ਜਾਣ ਦੇ ਅਜਿਹੇ ਵਰਤਾਰੇ ਦਾ ਵਰਣਨ ਲੋਕ ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ:
ਖੂਹ ਤੋਂ ਪਾਣੀ ਭਰਨ ਗਈ ਸੀ
ਡੋੋਲ ਭਰ ਲਿਆਈ ਸਾਰਾ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਲਾਂ ਪਾਉਂਦਾ ਗਰਾਰਾ
ਜੱਟਾਂ ਦੇ ਪੁੱਤ ਸਾਧ ਹੋ ਗਏ
ਛੱਡ ਗਏ ਤਖ਼ਤ ਹਜ਼ਾਰਾ
ਤੇਰੀਆਂ ਡੰਡੀਆਂ ਦਾ
ਚੰਦ ਵਰਗਾ ਚਮਕਾਰਾ।
ਪਾਣੀ ਹਰ ਕਿਸੇ ਦੀ ਜ਼ਰੂਰਤ ਹੈ, ਪਰ ਬਹੁਤ ਸਾਰੇ ਲੋਕਾਂ ਦੇ ਨਿੱਜੀ ਖੂਹਾਂ ਤੋਂ ਮੁਟਿਆਰਾਂ ਪਾਣੀ ਭਰਨ ਤੋਂ ਕੁਝ ਇਸ ਤਰ੍ਹਾਂ ਦੇ ਕਾਰਨਾਂ ਕਰਕੇ ਕਿਨਾਰਾ ਵੀ ਕਰਦੀਆਂ :
ਪਾਵੇ ਪਾਵੇ ਪਾਵੇ
ਬਈ ਛੜਿਆਂ ਦਾ ਖੂਹ ਚੱਲਦਾ
ਕੋਈ ਕੱਪੜੇ ਧੋਣ ਨਾ ਆਵੇ।
ਖੂਹ ਤੋਂ ਪਾਣੀ ਭਰਨ ਵਾਲੀਆਂ ਮੁਟਿਆਰਾਂ ਦੀ ਸਮੂਹਾਂ ਵਿੱਚ ਖੂਹ ’ਤੇ ਆਵਾਜਾਈ ਲੱਗੀ ਰਹਿੰਦੀ। ਅਜਿਹੇ ਸਮੇਂ ਮੁਟਿਆਰਾਂ ਤੇ ਕੂੰਜਾਂ ਵਿੱਚ ਸਮਾਨਤਾ ਦਰਸਾਉਣ ਵਾਲਿਆਂ ਨੂੰ ਪਾਣੀ ਭਰਨ ਜਾਂਦੀਆਂ ਮੁਟਿਆਰਾਂ ਦੇ ਸਮੂਹ ਕੂੰਜਾਂ ਦੀਆਂ ਡਾਰਾਂ ਵਾਂਗ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦੇ:
ਦੇਸ਼ ਮੇਰੇ ਦੀਆਂ ਕੁੜੀਆਂ ਵੇਖ ਲਓ
ਅੱਲ੍ਹੜ ਤੇ ਮੁਟਿਆਰਾਂ।
ਚੁੱਕ ਕੇ ਘੜੇ ਚੱਲੀਆਂ ਖੂਹ ’ਤੇ ਪਾਣੀ ਨੂੰ
ਜਿਉਂ ਕੂੰਜਾਂ ਦੀਆਂ ਡਾਰਾਂ।
ਪੰਜਾਬੀ ਜਨ ਜੀਵਨ, ਲੋਕ ਸਾਹਿਤ ਆਦਿ ਵਿੱਚ ਖੂਹ ਰਚਿਆ ਮਿਚਿਆ ਹੋਇਆ ਹੈ। ਖੂਹ ਦਾ ਜ਼ਿਕਰ ਪੰਜਾਬੀ ਦੇ ਵੱਖ ਵੱਖ ਸਾਹਿਤ ਰੂਪਾਂ ਵਿੱਚ ਅਕਸਰ ਹੀ ਮਿਲਦਾ ਹੈ। ਪੰਜਾਬੀ ਬੁਝਾਰਤਾਂ ਵਿੱਚ ਵੀ ਖੂਹ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ:
ਆਰ ਢਾਂਗਾਂ ਪਾਰ ਢਾਂਗਾਂ
ਵਿੱਚ ਟੱਲਮ ਟੱਲੀਆਂ।
ਆਉਣ ਕੂੰਜਾਂ ਦੇਣ ਬੱਚੇ
ਨਦੀ ਨਹਾਉਣ ਚੱਲੀਆਂ।
ਲੋਕ ਬੋਲੀਆਂ ਵਿੱਚ ਵੱਖ ਵੱਖ ਸੰਦਰਭਾਂ ਵਿੱਚ ਖੂਹ ਦਾ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ:
ਤਾਰਾਂ ਤਾਰਾਂ ਤਾਰਾਂ
ਬੋਲੀਆਂ ਖੂਹ ਭਰ ਦਿਆਂ
ਜਿੱਥੇ ਪਾਣੀ ਭਰਨ ਮੁਟਿਆਰਾਂ।
ਖੂਹ ਪੀਣ ਦੇ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਹੋਰਨਾਂ ਪੱਖਾਂ ਲਈ ਵੀ ਉਪਯੋਗ ਕੀਤਾ ਜਾਂਦਾ ਹੈ:
ਖੂਹ ’ਤੇ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ।
ਪੰਜਾਬੀ ਜਨ ਜੀਵਨ ਵਿੱਚ ਖੂਹ ਦੇ ਬਹੁਪੱਖੀ ਮਹੱਤਵ ਕਾਰਨ ਪੰਜਾਬੀ ਦੇ ਅਨੇਕਾਂ ਮੁਹਾਵਰੇ ਅਖਾਣਾਂ ਵਿੱਚ ਵੀ ਖੂਹ ਦਾ ਜ਼ਿਕਰ ਵੱਖ ਵੱਖ ਅਰਥਾਂ ਵਿੱਚ ਮਿਲਦਾ ਹੈ: ਖੂਹ ਦੀ ਮਿੱਟੀ ਖੂਹ ਵਿੱਚ ਲੱਗਣੀ, ਖੂਹ ਦਾ ਡੱਡੂ, ਕੀਤੀ ਕਰਾਈ ਖੂਹ ਵਿੱਚ ਪਾਉਣਾ, ਖੂਹ ਪੁੱਟਦੇ ਨੂੰ ਖਾਤਾ ਤਿਆਰ, ਅਕਲਾਂ ਬਾਝੋਂ ਖੂਹ ਖਾਲੀ, ਖੂਹ ਖਾਤਾ ਗੰਦਾ ਕਰਨਾ, ਖੂਹ ਗਿੜਦਿਆਂ ਦੇ ਸਾਕ ਮਿਲਦਿਆਂ ਦੇ ਆਦਿ।
ਇਹ ਕਿਵੇਂ ਹੋ ਸਕਦਾ ਹੈ ਕਿ ਲੋਕਾਂ ਲਈ ਵਿਸ਼ੇਸ਼ ਮਹੱਤਵ ਰੱਖਣ ਵਾਲਾ ਖੂਹ ਪੰਜਾਬੀ ਇਤਤਿਹਾਸ ਮਿਥਿਹਾਸ ਪੱਖੋਂ ਮਹੱਤਵ ਨਾ ਰੱਖਦਾ ਹੋਵੇ। ਪੰਜਾਬ ਦੇ ਬਹੁਤ ਸਾਰੇ ਖੂਹ ਇਤਿਹਾਸਕ ਪੱਖ ਤੋਂ ਮਹੱਤਵਪੂਰਨ ਹਨ। ਪੰਜਾਬੀ ਕਿੱਸਿਆਂ ਵਿੱਚ ਖੂਹ ਦਾ ਜ਼ਿਕਰ ਮਿਲਦਾ ਹੈ। ਫਿਰ ਭਾਵੇਂ ਉਹ ਕੀਮਾ ਮਲਕੀ ਦਾ ਮੇਲ ਜਾਂ ਪੂਰਨ ਭਗਤ ਨੂੰ ਮਤਰੇਈ ਮਾਂ ਦੇ ਇਸ਼ਾਰੇ ਖੂਹੇ ਪਾਉਣ ਦਾ ਜ਼ਿਕਰ ਕਿਉਂ ਨਾ ਹੋਵੇ :
ਮਲਕੀ ਖੂਹ ਦੇ ਉੱਤੇ ਭਰਦੀ ਪਈ ਸੀ ਪਾਣੀ।
ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ।
ਲੰਮਾ ਪੈਂਡਾ ਰਾਹੀ ਮਰ ਗਏ ਨੀਂ ਪਿਆਸੇ।
ਛੰਨਾ ਪਾਣੀ ਦਾ ਇੱਕ ਦੇ ਦੇ ਨੀਂ ਮੁਟਿਆਰੇ।
ਖੂਹ ਨਾਲ ਸਬੰਧਤ ਬਹੁਤ ਸਾਰੇ ਯੰਤਰਾਂ ਆਦਿ ਦਾ ਵਰਣਨ ਪੰਜਾਬੀ ਲੋਕ ਗੀਤਾਂ, ਬੋਲੀਆਂ ਦਾ ਹਿੱਸਾ ਹਨ। ਖੂਹ ਦਾ ਚੱਕ, ਕੁੱਤਾ, ਗਾਧੀ, ਟਿੰਡਾਂ, ਖੇਲ, ਮਣ, ਬੋਕਾ ਆਦਿ ਨੂੰ ਪ੍ਰਤੀਕਾਂ ਦੇ ਰੂਪ ਵਿੱਚ ਅਕਸਰ ਵਰਤਿਆ ਮਿਲਦਾ ਹੈ। ਬੁਝਾਰਤਾਂ ਵਿੱਚ ਵੀ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ:
ਨਿੱਕਾ ਜਿਹਾ ਕਾਕਾ ਟੈਂ ਟੈਂ ਬੋਲੇ
ਭਾਰ ਚੁਕਾਇਆ, ਤਾਂ ਸੁਣਦਾ ਨਾ ਕੋਲੇ।
ਖੂਹ ’ਤੇ ਪਾਣੀ ਭਰਨ ਨਾਲ ਸਬੰਧਤ ਵਰਣਨ ਬਹੁਤ ਸਾਰੀਆਂ ਬੋਲੀਆਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਕੀਤਾ ਮਿਲਦਾ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਉੱਥੋਂ ਦੀ ਇੱਕ ਨਾਰ ਸੁਣੀਂਦੀ
ਖੂਹ ’ਤੇ ਪਾਣੀ ਭਰਦੀ।
ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਨਾਲ ਨਾਲ ਖੂਹ ਸੀਮਤ ਜਿਹੀ ਖੇਤੀਬਾੜੀ ਲਈ ਵੀ ਪਾਣੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੇ ਸਨ। ਅਜਿਹਾ ਹੋਣ ਕਾਰਨ ਖੂਹ ਆਰਥਿਕਤਾ ਵਿੱਚ ਆਪਣਾ ਮਹੱਤਵਪੂਰਨ ਰੋਲ ਨਿਭਾਉਂਦੇ ਰਹੇ ਹਨ। ਖੂਹਾਂ ਦੇ ਆਸ-ਪਾਸ ਆਮ ਕਰਕੇ ਸੰਘਣੇ ਰੁੱਖਾਂ ਕਾਰਨ ਵੱਖਰੀ ਹੀ ਰੌਣਕ ਹੁੰਦੀ ਸੀ। ਅਜਿਹਾ ਹੋਣ ਕਾਰਨ ਖੂਹ ’ਤੇ ਰੱਬ ਵਸਣ ਦੀਆਂ ਗੱਲਾਂ ਵੀ ਹੁੰਦੀਆਂ ਸਨ।
ਸਮਾਂ ਬਦਲਿਆ ਤਾਂ ਆਧੁੁਨਿਕ ਸਾਧਨਾਂ ਨੇ ਪੁਰਾਤਨ ਸਾਧਨਾਂ ਦੀ ਥਾਂ ਲੈ ਲਈ। ਖੂਹਾਂ ਦੀ ਥਾਂ ਪਹਿਲਾਂ ਨਲਕੇ ਤੇ ਹੁਣ ਸਬਮਰਸੀਬਲ ਮੋਟਰਾਂ ਧਰਤੀ ਵਿੱਚੋਂ ਪਾਣੀ ਕੱਢਣ ਦਾ ਸਾਧਨ ਹਨ। ਅਜਿਹਾ ਹੋਣ ਕਾਰਨ ਖੂਹ ਦੀ ਪਹਿਲਾਂ ਵਾਲੀ ਉਪਯੋਗਤਾ ਤੇ ਮਹੱਤਵ ਨਾ ਰਿਹਾ। ਹੁਣ ਖੂਹ ਬੇਅਬਾਦ ਹਨ। ਖੂਹਾਂ ਦੀ ਵਰਤੋਂ ਅਤੇ ਸਾਂਭ ਸੰਭਾਲ ਦੀ ਕਮੀ ਕਾਰਨ ਉਨ੍ਹਾਂ ਦੇ ਕਾਫ਼ੀ ਹਿੱਸੇ ਢਹਿ ਗਏ ਹਨ। ਪੰਜਾਬੀ ਸੱਭਿਆਚਾਰ ਦਾ ਇਹ ਸੁੰਦਰ ਰੂਪ ਹੁਣ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ।
ਸੰਪਰਕ: 94178-32908