ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ , 21 ਜਨਵਰੀ
ਮੰਡੀ ਲੱਖੇਵਾਲੀ ਦੇ ਵਸਨੀਕਾਂ ਨੇ ਪਾਣੀ ਨਿਕਾਸੀ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਰੋਸ ਪ੍ਰਗਟਾਵਾ ਕੀਤਾ। ਮੰਡੀ ਦੀ ਫਿਰਨੀ ਦੇ ਨਾਲ ਬਣੀ ਨਿਕਾਸੀ ਨਾਲੀ ਦੇ ਪੱਧਰ ਦੀ ਸਮੱਸਿਆ ਕਾਰਨ ਪਾਣੀ ਓਵਰਫਲੋ ਹੋਣ ਕਰ ਕੇ ਸੜਕ ’ਤੇ ਛੱਪੜ ਦਾ ਰੂਪ ਧਾਰਨ ਕਰ ਗਿਆ ਅਤੇ ਘਰਾਂ ਦੀਆਂ ਨੀਹਾਂ ਵਿੱਚ ਪੈਣ ਲੱਗਿਆ ਹੈ। ਇਸ ਨਾਲ ਮਕਾਨਾਂ ਦਾ ਨੁਕਸਾਨ ਹੋਣ ਦਾ ਖਤਰਾ ਹੈ। ਗਲੀ ’ਤੇ ਖੜ੍ਹੇ ਪਾਣੀ ਨੂੰ ਦਿਖਾਉਂਦਿਆਂ ਸਾਬਕਾ ਪੰਚਾਇਤ ਮੈਂਬਰ ਕੁਲਦੀਪ ਸਿੰਘ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਦੋ ਮਹੀਨੇ ਪਹਿਲਾਂ ਬਣਾਈ ਗਈ ਇਸ ਨਾਲੀ ਦਾ ਲੈਵਲ ਸਹੀ ਨਾ ਹੋਣ ਕਾਰਨ ਮੰਡੀ ਦੇ ਦੂਜੇ ਹਿੱਸੇ ਦਾ ਪਾਣੀ ਵੀ ਵਾਪਸ ਫਿਰਨੀ ਵਾਲੇ ਘਰਾਂ ਵੱਲ ਆ ਰਿਹਾ ਹੈ ਜੋ ਕਿ ਘਰਾਂ ਦੀਆਂ ਕੰਧਾਂ ਨਾਲ ਲੱਗਣ ਲੱਗਿਆ ਹੈ ਅਤੇ ਸੜਕ ਉੱਪਰ ਜਮ੍ਹਾਂ ਹੋਣ ਕਾਰਨ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਇਸ ਫਿਰਨੀ ’ਤੇ ਪੈਂਦੇ ਪਰਿਵਾਰਾਂ ਨੇ ਦੱਸਿਆ ਕਿ ਮਕਾਨਾਂ ਦੀਆਂ ਕੰਧਾਂ ਦਾ ਨੁਕਸਾਨ ਹੋਣ ’ਤੇ ਉਨ੍ਹਾਂ ਨੂੰ ਮੁਰੰਮਤ ਕਰਨੀ ਔਖੀ ਹੋ ਜਾਵੇਗੀ। ਇਸ ਦੌਰਾਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪਾਣੀ ਦੀ ਨਿਕਾਸੀ ਦੇ ਹੱਲ ਦੀ ਮੰਗ ਕੀਤੀ ਹੈ।