ਆਤਿਸ਼ ਗੁਪਤਾ
ਚੰਡੀਗੜ੍ਹ, 17 ਨਵੰਬਰ
ਸੀਆਈਐੱਸਐੱਫ ਦੇ ਕਾਂਸਟੇਬਲ ਖੇਮ ਰਾਜ (41) ਨੇ ਬੀਤੀ ਰਾਤ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਮ ਰਾਜ ਸੀਆਈਐੱਸਐੱਫ ਦੀ ਮੈਸ ’ਚ ਬਤੌਰ ਕਮਾਂਡਰ ਤੈਨਾਤ ਸੀ ਜਿਸ ਦੀ ਪੋਸਟਿੰਗ ਕੁੱਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਚੰਡੀਗੜ੍ਹ ਹੋਈ ਸੀ। ਊਹ ਸੈਕਟਰ-1 ’ਚ ਚੰਡੀਗੜ੍ਹ ਕਲੱਬ ਦੇ ਨਾਲ ਬਣੀ ਬੈਰਕਾਂ ਵਿੱਚ ਸਾਥੀਆਂ ਨਾਲ ਰਹਿ ਰਿਹਾ ਸੀ। ਖੇਮ ਰਾਜ ਦੇ ਸਾਥੀ ਰੋਜ਼ਾਨਾ ਦੀ ਤਰ੍ਹਾਂ ਡਿਊਟੀ ’ਤੇ ਗਏ ਹੋਏ ਸਨ। ਊਨ੍ਹਾਂ ਨੇ ਵਾਪਸ ਆ ਕੇ ਵੇਖਿਆਂ ਤਾਂ ਹੇਮ ਰਾਜ ਨੇ ਫਾਹਾ ਲਿਆ ਹੋਇਆ ਸੀ। ਊਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਊਸ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੌਜਵਾਨ ਦੀ ਲਾਸ਼ ਮਿਲੀ; ਹੱਤਿਆ ਦਾ ਖਦਸ਼ਾ
ਇਥੋਂ ਦੇ ਸੈਕਟਰ-44 ਨੇੜੇ ਝਾੜੀਆਂ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਊਸ ਦੀ ਪਛਾਣ ਜਸਪਾਲ ਸਿੰਘ (32) ਵਾਸੀ ਜਗਤਪੁਰਾ ਵਜੋਂ ਹੋਈ ਹੈ। ਥਾਣਾ ਸੈਕਟਰ-34 ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਜਸਪਾਲ ਸਿੰਘ ਦੀ ਹੱਤਿਆ ਦਾ ਖਦਸ਼ਾ ਜਤਾਇਆ ਹੈ। ਇਹ ਲਾਸ਼ ਸਵੇਰੇ 7.30 ਵਜੇ ਦੇ ਕਰੀਬ ਮਿਲੀ ਜਿਸ ਬਾਰੇ ਕਿਸੇ ਰਾਹਗੀਰ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ। ਪੁਲੀਸ ਅਨੁਸਾਰ ਜਸਪਾਲ ਪਲੰਬਰ ਦਾ ਕੰਮ ਕਰਦਾ ਸੀ ਅਤੇ ਨਿੱਤ ਸੈਕਟਰ-44 ਦੇ ਲੇਬਰ ਚੌਕ ’ਚ ਸਵੇਰੇ 7 ਵਜੇ ਦੇ ਕਰੀਬ ਆਉਂਦਾ ਸੀ। ਊਸ ਦੇ ਮੂੰਹ ’ਤੇ ਕਿਸੇ ਪਥਰੀਲੀ ਵਸਤ ਨਾਲ ਹਮਲਾ ਕੀਤਾ ਗਿਆ ਜਾਪਦਾ ਹੈ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।