ਗਗਨਦੀਪ ਅਰੋੜਾ
ਲੁਧਿਆਣਾ, 8 ਫਰਵਰੀ
ਸ਼ਹਿਰ ਦੇ ਪੁਰਾਣੇ ਇਲਾਕੇ ’ਚ ਸੋਮਵਾਰ ਦੀ ਦੁਪਹਿਰ ਨੂੰ ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਧੜੇ ਆਹਮੋ ਸਾਹਮਣੇ ਹੋ ਗਏ ਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਦੋਹਾਂ ਗੁੱਟਾਂ ’ਚ ਇੱਟਾਂ ਪੱਥਰ ਚੱਲੇ ਤੇ ਹਮਲਾਵਾਰ ਕੋਲ ਸਥਿਤ ਇੱਕ ਠੇਕੇ ਦੇ ਅੰਦਰ ਦਾਖ਼ਲ ਹੋ ਗਏ ਤੇ ਬੋਤਲਾਂ ਚੁੱਕ ਕੇ ਇੱਕ ਦੂਸਰੇ ਦੇ ਮਾਰਨ ਲੱਗੇ। ਇੱਕ ਧੜੇ ਦੀ ਤਾਂ ਕਾਰ ਬੁਰੀ ਤਰ੍ਹਾਂ ਭੰਨ ਦਿੱਤੀ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਥਾਣਾ ਡਵੀਜ਼ਨ ਨੰ. 3 ਦੀ ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਕੇਸ਼ ਮਹਿੰਦੀ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਪੁਰਾਣਾ ਮਾਮਲਾ ਸੀ। ਜਿਸ ਦੀ ਪੇਸ਼ੀ ਅੱਜ ਅਦਾਲਤ ’ਚ ਸੀ। ਉਹ ਆਪਣੇ ਭਰਾ ਪ੍ਰਗਟ ਸਿੰਘ, ਉਸ ਦੇ ਦੋਸਤ ਇੰਦਰਜੀਤ ਸਿੰਘ, ਚਾਰਲੀ ਤੇ ਸੰਨੀ ਦੇ ਨਾਲ ਪੇਸ਼ੀ ’ਤੇ ਗਏ ਸਨ। ਉਥੋਂ ਵਾਪਸ ਆਉਂਦੇ ਹੋਏ ਜਦੋਂ ਉਹ ਈਸਾ ਨਗਰੀ ਕੋਲ ਪੁੱਜੇ ਤਾਂ ਪਹਿਲਾਂ ਉਥੇਂ ਹੀ ਮੋਟਰਸਾਈਕਲਾਂ ’ਤੇ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਹਮਲਾਵਾਰਾਂ ਨੇ ਗੱਡੀ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਰਾਕੇਸ਼ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਗੱਡੀਆਂ ’ਚੋਂ ਬਾਹਰ ਨਿਕਲੇ ਤਾਂ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਉਹ ਠੇਕੇ ’ਚ ਆਪਣੀ ਜਾਨ ਬਚਾਉਣ ਲਈ ਦਾਖ਼ਲ ਹੋਏ। ਰਾਕੇਸ਼ ਨੇ ਦੱਸਿਆ ਕਿ ਕੁੱਟਮਾਰ ’ਚ ਉਨ੍ਹਾਂ ਦੀ ਗੱਡੀ ਪੂਰੀ ਤਰ੍ਹਾਂ ਭੰਨ੍ਹ ਦਿੱਤੀ ਤੇ ਉਨ੍ਹਾਂ ਦੇ ਭਰਾ ਪ੍ਰਗਟ ਸਿੰਘ ਤੇ ਇੰਦਰ ਮੋਹਨ ਜ਼ਖਮੀ ਹੋ ਗਏ। ਉਧਰ, ਦੂਸਰੇ ਧੜੇ ਦੇ ਜ਼ਖਮੀ ਗੈਰੀ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਖੜ੍ਹੇ ਸਨ। ਇਸੇ ਦੌਰਾਨ ਹਮਲਾਵਾਰ ਉਥੇ ਆ ਗਏ ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਹਾਂ ਧੜਿਆਂ ’ਚ ਬਹਿਸ ਹੋ ਗਈ। ਜਿੱਥੇ ਹਮਲਾਵਾਰਾਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਿਆ। ਜਦੋਂ ਉਹ ਬਚਾਅ ਲਈ ਭੱਜੇ ਤਾਂ ਹਮਲਾਵਾਰਾਂ ਨੇ ਠੇਕੇ ’ਚ ਦਾਖਲ ਹੋ ਕੇ ਬੋਤਲਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਐੱਸਐੱਚਓ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਹਾਂ ਧੜਿਆਂ ’ਚ ਝੜਪ ਹੋਈ ਸੀ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।