ਮੁੰਬਈ, 11 ਅਪਰੈਲ
ਪ੍ਰਸਿੱਧ ਅਰਥਸ਼ਾਸਤਰੀ ਅਤੇ ਨੋਬੇਲ ਐਵਾਰਡ ਜੇਤੂ ਅਭਿਜੀਤ ਵਿਨਾਇਕ ਬੈਨਰਜੀ ਨੇ ਗਰੀਬਾਂ ਨੂੰ ਗਰੀਬੀ ਤੋਂ ਉਭਾਰਨ ਲਈ ਉਨ੍ਹਾਂ ਲਈ ਮੁਫ਼ਤ ਸਰਕਾਰੀ ਸਹਾਇਤਾ ਸੀਮਤ ਰੱਖਣ ਦੀ ਵਿਚਾਰਧਾਰਾ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਕਿ ਸਰਕਾਰੀ ਮਦਦ ਗਰੀਬਾਂ ਨੂੰ ਕੰਮਚੋਰ ਬਣਾਉਂਦੀ ਹੈ।
ਸ੍ਰੀ ਬੈਨਰਜੀ ਨੇ ਅੱਜ ਕਿਹਾ ਕਿ ਪਿਛਲੇ ਦਹਾਕੇ ਅਤੇ ਉਸ ਤੋਂ ਪਹਿਲਾਂ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ’ਚ ਵੱਖ-ਵੱਖ ਅਰਥਵਿਵਸਥਾਵਾਂ ’ਤੇ ਉਨ੍ਹਾਂ ਨੇ ਜੋ ਅਧਿਐਨ ਕੀਤੇ, ਉਨ੍ਹਾਂ ਵਿੱਚ ਕਿਤੇ ਵੀ ਅਜਿਹਾ ਦਿਖਾਈ ਨਹੀਂ ਦਿੱਤਾ ਕਿ ਸਰਕਾਰੀ ਮਦਦ ਲੋਕਾਂ ਨੂੰ ਆਲਸੀ ਬਣਾਉਂਦੀ ਹੈ। ਬੈਨਰਜੀ ਅਨੁਸਾਰ ਉਲਟਾ ਇਹ ਦੇਖਣ ’ਚ ਆਇਆ ਹੈ ਕਿ ਜਿਹੜੇ ਲੋਕਾਂ ਨੂੰ ਜਨਤਕ ਤੇ ਗ਼ੈਰ-ਸਰਕਾਰੀ ਸਹਾਇਤਾ ਦਾ ਲਾਭ ਮਿਲਿਆ ਅਤੇ ਜਿੱਥੇ ਉਨ੍ਹਾਂ ਨੂੰ ਮੁਫ਼ਤ ਜਾਇਦਾਦ ਦਿੱਤੀ ਗਈ, ਉੱਥੇ ਉਹ ਅਸਲ ਵਿੱਚ ਵੱਧ ਉਤਪਾਦਕ ਅਤੇ ਰਚਨਾਤਮਕ ਹੋਏ ਹਨ।
ਲਘੂ ਵਿੱਤ ਬੈਂਕ ਬੰਧਨ ਦੇ 20ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਗੱਲ ਸਬੰਧੀ ਕੋਈ ਅੰਕੜਾ ਜਾਂ ਵਿਹਾਰਕ ਸਬੂਤ ਨਹੀਂ ਹੈ, ਜਿਸ ਨਾਲ ਇਹ ਸਾਬਤ ਹੋਵੇ ਕਿ ਗਰੀਬਾਂ ਨੂੰ ਮੁਫ਼ਤ ’ਚ ਜਾਇਦਾਦ (ਮਦਦ) ਮਿਲਣ ਨਾਲ ਉਹ ਕੰਮਚੋਰ ਬਣਦੇ ਹਨ। ਬੈਨਰਜੀ ਨੇ ਕਿਹਾ, ‘ਇਸ ਵਿਚਾਰ ਦੇ ਆਧਾਰ ’ਤੇ ਵੱਖ-ਵੱਖ ਸਰਕਾਰਾਂ ਗਰੀਬਾਂ ਨੂੰ ਘੱਟ ਸਹਾਇਤਾ ਮੁਹੱਈਆ ਕਰਵਾਉਂਦੀਆਂ ਰਹੀਆਂ ਹਨ ਤਾਂ ਕਿ ਉਹ ਆਲਸੀ ਨਾਲ ਬਣਨ। ਪਰ ਸਾਨੂੰ ਭਾਰਤ ਸਣੇ ਕਿਤੇ ਵੀ ਇਸ ਗੱਲ ਦਾ ਸਬੂਤ ਨਹੀਂ ਮਿਲਿਆ। ਬਲਕਿ ਇਸ ਦੇ ਉਲਟ, ਸਾਨੂੰ ਹਰ ਜਗ੍ਹਾ ਇਸ ਪ੍ਰਕਾਰ ਦੀ ਨੀਤੀ ਨਾਲ ਸੁਧਾਰ ਹੀ ਦੇਖਣ ਨੂੰ ਮਿਲਿਆ ਹੈ।’ -ਪੀਟੀਆਈ