ਖੇਤਰੀ ਪ੍ਰਤੀਨਿਧ
ਪਟਿਆਲਾ, 17 ਨਵੰਬਰ
ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਦਾ ਸੁਨੇਹਾ ਲੈ ਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਮੰਗਲਵਾਰ ਸਵੇਰੇ ਨਗਰ ਨਿਗਮ ਦੇ ਬ੍ਰਾਂਡ ਅੰਬੈਸਡਰ ਤੇ ਪਾਲੀਵੁੱਡ ਸਟਾਰ ਹੌਬੀ ਧਾਲੀਵਾਲ ਸਮੇਤ ਕਈ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਗੁਰਬਖਸ਼ ਕਲੋਨੀ ਪੁੱਜੇ। ਉਨ੍ਹਾਂ ਕੂੜੇ ਦਾ ਸਹੀ ਨਿਪਟਾਰਾ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ। ਮੇਅਰ ਨੇ ਲੋਕਾਂ ਨੂੰ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਜੰਗਲਾਂ ਦੀ ਕਟਾਈ ਰੋਕਣ ਲਈ ਸ਼ੁਰੂ ਕੀਤੀ ਗਈ ਸੀ। ਪਲਾਸਟਿਕ ਦੀ ਵਰਤੋਂ ਅੱਜ ਵਾਤਾਵਰਣ ਲਈ ਸ਼ਰਾਪ ਬਣ ਚੁੱਕੀ ਹੈ ਜਿਸ ਨੂੰ ਸ਼ਹਿਰ ਵਾਸੀ ਹੀ ਸੁਧਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਵਿਚ ਬੰਨ੍ਹ ਕੇ ਸੁੱਟਿਆ ਗਿਆ ਲਿਫਾਫਾ ਨਾਲੀਆਂ ਤੇ ਸੀਵਰੇਜ ਬੰਦ ਕਰਨ ਦਾ ਕੰਮ ਕਰਦਾ ਹੈ ਜਿਸ ਦੀ ਸਫਾਈ ਲਈ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈ ਰਹੇ ਹਨ। ਸੀਵਰੇਜ ਪ੍ਰਬੰਧ ਤੇ ਸਫਾਈ ’ਤੇ ਕੀਤੇ ਜਾਣ ਵਾਲੇ ਖਰਚ ਜੇਕਰ ਘੱਟ ਕਰ ਦਿੱਤੇ ਜਾਣ ਤਾਂ ਵਿਕਾਸ ਕਾਰਜਾਂ ’ਤੇ ਜ਼ਿਆਦਾ ਰੁਪਏ ਖਰਚ ਕੀਤੇ ਜਾ ਸਕਣਗੇ।
ਸਵੱਛ ਭਾਰਤ ਅਭਿਆਨ ਤਹਿਤ ਨਗਰ ਨਿਗਮ ਵਲੋਂ ਸ਼ਹਿਰ ਵਿਚ ਚਲਾਏ ਗਏ ਮੇਰਾ ਕੂੜਾ ਮੇਰਾ ਜ਼ਿੰਮੇਵਾਰੀ ਅਭਿਆਨ ਨੂੰ ਅੱਗੇ ਵਧਾਉਂਦਿਆਂ ਹੌਬੀ ਧਾਲੀਵਾਲ ਨੇ ਲੋਕਾਂ ਦੇ ਘਰ ਘਰ ਜਾ ਕੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨ ਦਾ ਸੁਨੇਹਾ ਦਿੱਤਾ। ਧਾਲੀਵਾਲ ਨੇ ਕਿਹਾ ਕਿ ਕੁਦਰਤ ਨਾਲ ਛੇੜਛਾੜ ਕਰਨਾ ਭਗਵਾਨ ਨੂੰ ਨਾਰਾਜ਼ ਕਰਨ ਦੇ ਤੁੱਲ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਦੇਸ਼ ਦੇ ਸਭ ਤੋਂ ਸੋਹਣੇ ਤੇ ਸਭ ਤੋਂ ਸਾਫ ਬਣਾਉਣ ਵਿਚ ਜ਼ਰੂਰੀ ਸਹਿਯੋਗ ਜਰੂਰ ਕਰੀਏ।
ਇਸ ਮੌਕੇ ਸਾਬਕਾ ਕੌਂਸਲਰ ਰਮਾ ਪੁਰੀ, ਅਕਾਲੀ ਆਗੂ ਤੇ ਸਾਬਕਾ ਕੌਂਸਲਰ ਪਵਨ ਨਾਗਰਥ, ਸੰਯੁਕਤ ਕਮਿਸ਼ਨਰ ਲਾਲ ਵਿਸ਼ਵਾਸ਼, ਚੀਫ ਸੈਨਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨਟਰੀ ਇੰਸਪੈਕਟਰ ਰਿਸ਼ਭ ਗੁਪਤਾ, ਸਵੱਛ ਭਾਰਤ ਅਭਿਆਨ ਦੇ ਮੁੱਖ ਕੁਆਰਡੀਨੇਟਰ ਅਮਨਦੀਪ ਸੇਖੋਂ ਮੁਹਿੰਮ ਦਾ ਹਿੱਸਾ ਬਣੇ।