ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 17 ਨਵੰਬਰ
ਇੱਥੇ ਕੈਮਿਸਟ ਐੱਸੋਸੀਏਸ਼ਨ ਰਾਜਪੁਰਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਨੰਦਨ ਗੁਪਤਾ ਅਤੇ ਚੇਅਰਮੈਨ ਆਈ.ਪੀ.ਐੱਸ. ਬੱਗਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕੈਮਿਸਟਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਗੁਪਤਾ ਨੇ ਕਿਹਾ ਕਿ ਰਾਜਪੁਰਾ ਵਿਖੇ ਮੈਡੀਕਲ ਸਟੋਰ ਵਾਲ਼ੇ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰ ਰਹੇ ਹਨ। ਇਸੇ ਤਰ੍ਹਾਂ ਕਰੋਨਾ ਮਹਾਂਮਾਰੀ ਦੌਰਾਨ ਵੀ ਕੈਮਿਸਟ ਐਸੋਸੀਏਸ਼ਨ ਨੇ ਸਰਕਾਰ ਨਾਲ ਸਹਿਯੋਗ ਕੀਤਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕੈਮਿਸਟ ਐਸੋਸੀਏਸ਼ਨ ਰਾਜਪੁਰਾ ਵਲੋਂ ਪਾਬੰਦੀਸ਼ੁਦਾ ਦਵਾਈਆਂ ਨੂੰ ਰਾਜਪੁਰਾ ਵਿਖੇ ਵੇਚਣ ਨਹੀਂ ਦਿੱਤਾ ਜਾਵੇਗਾ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲੀਸ ਵਿਭਾਗ ਨੂੰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਨੌਜਵਾਨ ਫਾਰਮੇਸੀ ਕਰ ਚੁੱਕੇ ਹਨ, ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਹੋਲਸੇਲ ਅਤੇ ਰਿਟੇਲ ਦੇ ਲਾਇਸੰਸਾਂ ’ਤੇ ਲਗਾਈ ਰੋਕ ਹਟਾਈ ਜਾਵੇ, ਨਵੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਇਹ ਨੌਜਵਾਨ ਵੀ ਦੁਕਾਨਾਂ ਖੋਲ੍ਹ ਕੇ ਆਪਣੀ ਰੋਜ਼ੀ ਰੋਟੀ ਚਲਾ ਸਕਣ। ਇਸ ਮੌਕੇ ਸਮੀਰ ਜਸੂਜਾ, ਦੀਪਕ ਹਸੀਜਾ, ਅਨਿਲ ਹਸੀਜਾ, ਸੁਸ਼ੀਲ ਅਹੂਜਾ ਆਦਿ ਹਾਜ਼ਰ ਸਨ।