ਕੋਲਕਾਤਾ, 14 ਜੁਲਾਈ
ਇੱਥੇ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇਐੱਮਬੀ) ਦੇ ਗ੍ਰਿਫ਼ਤਾਰ ਕੀਤੇ ਅਤਿਵਾਦੀਆਂ ਦੇ ਸਬੰਧ ਅਲ-ਕਾਇਦਾ ਅਤੇ ਹਰਕਤ-ਉਲ-ਜਹਾਦ ਅਲ-ਇਸਲਾਮੀ (ਐੱਚਯੂਜੇਆਈ) ਨਾਲ ਹੋ ਸਕਦੇ ਹਨ।
ਪੁਲੀਸ ਅਨੁਸਾਰ ਮੁਲਜ਼ਮ ਪੱਛਮੀਂ ਬੰਗਾਲ ਵਿਚ ਅਤਿਵਾਦ ਫੈਲਾਉਣ ਦੀ ਕੋਸ਼ਿਸ਼ ਵਿਚ ਸਨ। ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਦੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੋਰ ਸਾਥੀ ਹੋਣ ਦਾ ਵੀ ਸ਼ੱਕ ਹੈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਤੋਂ ਜਾਪਦਾ ਹੈ ਕਿ ਉਹ ਜੇਐੱਮਬੀ ਦੀ ਅਗਵਾਈ ਵਿਚ ਕੰਮ ਕਰਦੇ ਸਨ ਤੇ ਪੱਛਮੀ ਬੰਗਾਲ ਵਿਚ ਅਤਿਵਾਦ ਦੇ ਪੈਰ ਪਸਾਰਨ ਲਈ ਯਤਨਸ਼ੀਲ ਸਨ।
ਮੁੱਢਲੀ ਪੜਤਾਲ ਦੌਰਾਨ ਇਹ ਵੀ ਸ਼ੱਕ ਪੈਦਾ ਹੋਇਆ ਹੈ ਕਿ ਉਨ੍ਹਾਂ ਦੇ ਸਬੰਧ ਅਲ-ਕਾਇਦਾ ਅਤੇ ਐੱਚਯੂਜੇਆਈ ਨਾਲ ਵੀ ਸਨ। ਐੱਸਟੀਐੱਫ ਨੇ ਐਤਵਾਰ ਨੂੰ ਜੇਐੱਮਬੀ ਦੇ ਨਜੀਉਰ ਰਹਿਮਾਨ, ਰਬੀਉਲ ਇਸਲਾਮ ਅਤੇ ਸਬੀਰ ਨੂੰ ਦੱਖਣੀ ਕੋਲਕਾਤਾ ਦੇ ਹਰੀਦੇਵਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਹ ਬੰਗਲਾਦੇਸ਼ ਦੇ ਨਾਗਰਿਕ ਹਨ ਤੇ ਇਨ੍ਹਾਂ ਨੇ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਇੱਥੇ ਕਮਰਾ ਕਿਰਾਏ ’ਤੇ ਲਿਆ ਸੀ।
ਅਧਿਕਾਰੀ ਅਨੁਸਾਰ ਮੁਲਜ਼ਮਾਂ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਸਲੀਮ ਮੁਨਸ਼ੀ ਨੇ ਕਿਸੇ ਬਜ਼ੁਰਗ ਦਾ ਪਛਾਣ ਪੱਤਰ ਲੈ ਕੇ ਨਜੀਉਰ ਦਾ ਜਾਅਲੀ ਪਛਾਣ ਪੱਤਰ ਬਣਾਉਣ ’ਚ ਮਦਦ ਕੀਤੀ ਸੀ। ਉਹ ਕਈ ਮਹੀਨਿਆਂ ਤੋਂ ਇੱਥੇ ਰਹਿ ਰਹੇ ਸਨ। -ਪੀਟੀਆਈ