ਜਸਬੀਰ ਸਿੰਘ ਚਾਨਾ
ਫਗਵਾੜਾ, 29 ਸਤੰਬਰ
ਇੱਥੋਂ ਦੇ ਬੰਗਾ ਰੋਡ ਸਥਿਤ ਸੁਭਾਸ਼ ਨਗਰ ਚੌਕ ਵਿੱਚ ਸੜਕ ਵਿਚਕਾਰ ਬਣੇ ਵੱਡੇ ਤੇ ਡੂੰਘੇ ਟੋਏ, ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਤੰਗ ਬਾਜ਼ਾਰਾਂ ਦੀਆਂ ਸੜਕਾਂ ਦੀ ਮਾੜੀ ਹਾਲਤ, ਅਨੇਕਾਂ ਗਲੀਆਂ, ਮੁਹੱਲਿਆਂ ਤੇ ਰਸਤਿਆਂ ਵਿਚ ਲੰਬੇ ਸਮੇਂ ਤੋਂ ਖਰਾਬ ਪਈਆਂ ਸਟਰੀਟ ਲਾਈਟਾਂ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਕਿਹਾ ਕਿ ਸੁਭਾਸ਼ ਨਗਰ ਚੌਕ ਦਾ ਡੂੰਘਾ ਤੇ ਵੱਡਾ ਟੋਇਆ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇੱਥੇ ਕੋਈ ਵੀ ਵੱਡਾ ਵਾਹਨ ਪਲਟ ਸਕਦਾ ਹੈ ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਝਟਕਈਆਂ ਚੌਕ, ਸਰਾਏ ਰੋਡ, ਗਊਸ਼ਾਲਾ ਬਾਜ਼ਾਰ ਤੇ ਬਾਂਸਾਂਵਾਲਾ ਬਾਜ਼ਾਰ ਆਦਿ ਖੇਤਰਾਂ ਵਿੱਚ ਵੀ ਸੜਕਾਂ ਦੀ ਹਾਲਤ ਬਹੁਤ ਖਰਾਬ ਹੈ। ਸ਼ਹਿਰ ਦੇ ਕਈ ਮੁਹੱਲਿਆਂ ਤੇ ਮੁੱਖ ਰਸਤਿਆਂ ਦੀ ਸਟਰੀਟ ਲਾਈਟਾਂ ਵੀ ਕਾਫ਼ੀ ਸਮੇਂ ਤੋਂ ਖਰਾਬ ਹਨ। ਇਸ ਬਾਰੇ ਸ਼ਿਕਾਇਤਾਂ ਦੇ ਬਾਵਜੂਦ ਵੀ ਲਾਈਟਾਂ ਠੀਕ ਨਹੀਂ ਕੀਤੀਆਂ ਜਾ ਰਹੀਆਂ। ਸਰਾਧਾਂ ਤੋਂ ਬਾਅਦ 6 ਅਕਤੂਬਰ ਨੂੰ ਸ਼ਹਿਰ ਵਿੱਚ ਦਸਹਿਰੇ ਤੋਂ ਪਹਿਲਾਂ ਸ੍ਰੀ ਰਾਮ ਲੀਲਾ ਦਾ ਮੰਚਨ ਸ਼ੁਰੂ ਹੋਣਾ ਹੈ। ਰਾਤ ਸਮੇਂ ਲੋਕ ਪਰਿਵਾਰਾਂ ਸਮੇਤ ਰਾਮਲੀਲਾ ਦਾ ਆਨੰਦ ਮਾਨਣ ਲਈ ਘਰੋਂ ਨਿਕਲਣਗੇ ਪਰ ਖਰਾਬ ਸੜਕਾਂ ਤੇ ਖਰਾਬ ਸਟਰੀਟ ਲਾਈਟਾਂ ਉਨ੍ਹਾਂ ਲਈ ਖਤਰਾ ਬਣੀਆਂ ਹੋਈਆਂ ਹਨ। ਤਿਉਹਾਰੀ ਸੀਜ਼ਨ ਦੀ ਵਜ੍ਹਾ ਨਾਲ ਬਾਜ਼ਾਰਾਂ ’ਚ ਵੀ ਦਿਨ-ਰਾਤ ਭੀੜ ਰਹੇਗੀ ਪਰ ਨਿਗਮ ਕਮਿਸ਼ਨਰ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੋਕਾਂ ਦਾ ਗੁੱਸਾ ਵਧਣ ਤੋਂ ਪਹਿਲਾਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇ।
ਸ਼ਿਕਾਇਤ ਮਗਰੋਂ ਹੋਵੇਗੀ ਸੜਕਾਂ ਦੀ ਮੁਰੰਮਤ: ਕਮਿਸ਼ਨਰ
ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੇ ਸੜਕਾਂ ’ਤੇ ਪਏ ਟੋਇਆਂ ਸਬੰਧੀ ਕਿਹਾ ਕਿ ਬਰਸਾਤ ਕਾਰਨ ਕਈ ਥਾਵਾਂ ’ਤੇ ਅਜਿਹਾ ਜ਼ਰੂਰ ਹੋਇਆ ਹੋਵੇਗਾ ਪਰ ਸਾਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਜੋ ਵੀ ਮਾਮਲੇ ਸਾਡੇ ਸਾਹਮਣੇ ਆਉਣਗੇ ਉਨ੍ਹਾਂ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ।