ਲੰਡਨ: ਸਤਾਰਾਂ ਸਾਲ ਪਹਿਲਾਂ ਅੱਠ ਜਣਿਆਂ ਵੱਲੋਂ ਕੀਤੇ ਜਾਨਲੇਵਾ ਹਮਲੇ ਵਿਚ ਫੱਟੜ ਹੋਏ ਤੇ ਮਗਰੋਂ ਜਾਨ ਗੁਆਉਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਦਾ ਕੇਸ ਹੱਲ ਕਰਨ ਲਈ ਸਕਾਟਲੈਂਡ ਯਾਰਡ ਦੇ ਜਾਸੂਸਾਂ ਨੇ ਮੁੜ ਪੱਛਮੀ ਲੰਡਨ ਸਥਿਤ ਅਪਰਾਧ ਵਾਲੀ ਥਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਇਸ ਮੌਕੇ ਪਰਚੇ ਵੰਡੇ ਤੇ ਇਸ ਘਟਨਾ ਬਾਰੇ ਕਿਸੇ ਕੋਲ ਕੋਈ ਸੂਚਨਾ ਹੋਣ ਬਾਰੇ ਪੁੱਛਿਆ। ਇਸ ਮੌਕੇ ਲੋਕਾਂ ਨੂੰ ਹੱਤਿਆ ਨਾਲ ਜੁੜੀ ਸੂਚਨਾ ਦੇਣ ’ਤੇ ਰੱਖਿਆ 20 ਹਜ਼ਾਰ ਪਾਊਂਡ ਦਾ ਇਨਾਮ ਵੀ ਚੇਤੇ ਕਰਵਾਇਆ ਗਿਆ। ਰਾਜੇਸ਼ ‘ਰਾਜ’ ਵਰਮਾ ’ਤੇ ਅਗਸਤ 2003 ਵਿਚ ਹਮਲਾ ਕੀਤਾ ਗਿਆ ਸੀ ਤੇ ਭਾਰਤੀ ਮੂਲ ਦੇ 42 ਸਾਲਾ ਵਿਅਕਤੀ ਨੂੰ ਦਿਮਾਗੀ ਸੱਟਾਂ ਲੱਗੀਆਂ ਸਨ। ਇਨ੍ਹਾਂ ਸੱਟਾਂ ਕਾਰਨ ਉਸ ਦੀ ਹਾਲਤ ਵਿਗੜਦੀ ਰਹੀ ਤੇ 2018 ਵਿਚ ਮੌਤ ਹੋ ਗਈ ਸੀ। ਪੁਲੀਸ ਨੂੰ ਸ਼ੱਕ ਹੈ ਕਿ ਰਾਜ ’ਤੇ ਹਮਲਾ ਉਦੋਂ ਕੀਤਾ ਗਿਆ ਜਦ ਉਹ ਆਪਣੇ ਕੁਝ ਮਿੱਤਰਾਂ ਤੇ ਇਕ ਹੋਰ ਵਿਅਕਤੀ ਵਿਚਾਲੇ ਝਗੜਾ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਮਲਾਵਰਾਂ ਦੇ ਹਾਲੇ ਵੀ ਉਸੇ ਇਲਾਕੇ ਵਿਚ ਰਹਿੰਦੇ ਹੋਣ ਦੀ ਸੰਭਾਵਨਾ ਹੈ।
-ਪੀਟੀਆਈ