ਗੁਰਬਖਸ਼ਪੁਰੀ
ਤਰਨ ਤਾਰਨ, 6 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਪੰਜ-ਰੋਜ਼ਾ ਧਰਨਿਆਂ ਦੇ ਪਹਿਲੇ ਦਿਨ ਇਕੱਠ ਕਰ ਕੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ|
ਇਸ ਮੌਕੇ ਚਾਨਣ ਸਿੰਘ ਆਸਲ, ਕੁਲਵੰਤ ਸਿੰਘ ਧੁੰਨ ਤੇ ਦਿਲਬਾਗ ਸਿੰਘ ਸਭਰਾਂ ਦੀ ਅਗਵਾਈ ਵਿੱਚ ਦਿੱਤੇ ਧਰਨਿਆਂ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ, ਹਰਦੀਪ ਸਿੰਘ ਜੋੜਾਂ, ਦਲੇਰ ਸਿੰਘ ਰਾਜੋਕੇ ਤੇ ਜਥੇਦਾਰ ਸੰਤੋਖ ਸਿੰਘ ਪੱਟੀ ਨੇ ਸੰਬੋਧਨ ਕੀਤਾ| ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਭੱਜ ਰਹੀ ਹੈ| ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਦੌਰਾਨ ਹਰ ਵਰਗ ਨੂੰ 600 ਯੂਨਿਟ ਮੁਫ਼ਤ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਲੋਕਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਲੋਡ ਵਧਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ|
ਸਰਹੱਦੀ ਖੇਤਰ ਦੇ ਕਿਸਾਨਾਂ ਦੀ ਮੀਟਿੰਗ
ਤਰਨ ਤਾਰਨ: ਬਾਰਡਰ ਏਰੀਆ ਕਿਸਾਨ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਦੀ ਸੂਬਾ ਪੱਧਰੀ ਇੱਕ ਮੀਟਿੰਗ ਗੁਰਦੁਆਰਾ ਗੁਰੂ ਸਰ ਖੇਮਕਰਨ ਵਿੱਚ ਕੀਤੀ ਗਈ। ਇਸ ਮੌਕੇ ਸੂਬਾ ਸਰਕਾਰ ਵੱਲੋਂ ਹਿੰਦ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਦੇ ਪਾਰਲੀ ਜ਼ਮੀਨ ਦਾ ਚਾਰ ਸਾਲਾਂ ਦਾ ਮੁਆਵਜ਼ਾ ਦੇਣ ਵਿੱਚ ਕੀਤੀ ਜਾ ਰਹੀ ਟਾਲਮਟੋਲ ਦੀ ਨੀਤੀ ਖਿਲਾਫ਼ ਤਿੱਖਾ ਅੰਦੋਲਨ ਵਿੱਢਣ ਦੀ ਚਿਤਾਵਨੀ ਦਿੱਤੀ ਗਈ| ਜਥੇਬੰਦੀ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਭੰਗਾਲਾ ਦੀ ਅਗਵਾਈ ਵਿੱਚ ਕੀਤੀ ਗਈ ਮੀਟਿੰਗ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਕਿਸਾਨਾਂ ਨੇ ਭਾਗ ਲਿਆ| ਉਨ੍ਹਾਂ ਦੱਸਿਆ ਕਿ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਦੇ ਬਾਵਜੂਦ ਸਰਕਾਰ ਨੇ ਕੁਝ ਕਿਸਾਨਾਂ ਨੂੰ ਹੀ ਇੱਕ ਸਾਲ ਦਾ ਮੁਆਵਜ਼ਾ ਦਿੱਤਾ ਹੈ| ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਹਫ਼ਤੇ ’ਚ ਮੁਆਵਜ਼ਾ ਨਾ ਮਿਲਣ ’ਤੇ ਜਥੇਬੰਦੀ ਡੀਸੀ ਦਫ਼ਤਰਾਂ ਸਾਹਮਣੇ ਧਰਨੇ ਦੇਵੇਗੀ| -ਪੱਤਰ ਪ੍ਰੇਰਕ