ਜੈਕਬ ਤੇਜਾ
ਪੁਰਾਣੇ ਸਮੇਂ ਵਿਚ ਕਣਕ ਦੀ ਵਾਢੀ ਹੱਥਾਂ ਨਾਲ ਹੀ ਕੀਤੀ ਜਾਂਦੀ ਸੀ। ਕਈ-ਕਈ ਦਿਨ ਪਹਿਲਾਂ ਕਿਸਾਨ ਦਾ ਪਰਿਵਾਰ ਵਾਢੀ ਕਰਨ ਲਈ ਤਿਆਰੀ ਕਰਨ ਲੱਗ ਪੈਂਦਾ, ਦਾਤਰੀਆਂ ਦੇ ਦੰਦੇ ਕਢਾਏ ਜਾਂਦੇ, ਚੰਗੇ ਲੋਹੇ ਦੀਆਂ ਨਵੀਆਂ ਦਾਤਰੀਆਂ ਵੀ ਬਣਵਾਈਆਂ ਜਾਂਦੀਆਂ ਸਨ। ਮੁੰਡੇ-ਖੁੰਡੇ ਤੇ ਬਜ਼ੁਰਗ ਬੇੜ/ਖੱਬੜ ਵੱਟਣੇ ਸ਼ੁਰੂ ਕਰ ਦਿੰਦੇ ਸਨ। ਸੌ ਦੋ ਸੌ ਭਰੀ ਦਾ ਬੇੜ ਇਕ ਦਿਨ ਵਿਚ ਹੀ ਵੱਟ ਦਿੰਦੇ ਸਨ ਕਿਉਂਕਿ ਭਰੀਆਂ ਬੰਨ੍ਹਣ ਵਾਸਤੇ ਬੇੜ ਬਹੁਤ ਜ਼ਰੂਰੀ ਹੁੰਦੇ ਸਨ। ਇਕ ਜਾਂ ਦੋ ਦਿਨ ਪਰਾਲੀ ਨੂੰ ਪਾਣੀ ਵਿਚ ਭਿਉਂ/ਡੁਬੋ ਕੇ ਰੱਖਦੇ ਸਨ। ਭਿਓਂਣ ਨਾਲ ਪਰਾਲੀ ਕੂਲੀ/ਨਰਮ ਹੋ ਜਾਂਦੀ ਤੇ ਬੇੜ ਟੁੱਟਦਾ ਨਹੀਂ ਸੀ ਤੇ ਵਧੀਆ ਢੰਗ ਨਾਲ ਬੇੜ ਵੱਟੇ ਜਾਂਦੇ ਸਨ। ਬੇੜ ਵੱਟਣ ਲਈ ਦੋ ਬੰਦੇ ਜੋੜੀ ਬਣਾਉਂਦੇ ਸਨ। ਇਕ ਵੱਟ ਚਾੜ੍ਹਦਾ ਤੇ ਦੂਸਰਾ ਪਰਾਲੀ ਦਾ ਦੱਬੂ ਦਿੰਦਾ ਸੀ। ਜਿਸ ਕਿਸਾਨ ਦੀ ਕਣਕ ਵੱਢਣੀ ਹੁੰਦੀ ਸੀ, ਪਿੰਡ ਦੇ ਸਾਰੇ ਹੀ ਨੌਜਵਾਨ ਕਣਕ ਵੱਢਣ ਲਈ ਜਾਂਦੇ ਸਨ। ਜਿਸ ਨੂੰ ਹੱਲਾਂ ਪਾਉਣਾ ਵੀ ਆਖਦੇ ਸਨ। ਹੱਲਾਂ ਪਾਉਣ ਆਏ ਸਾਰੇ ਨੌਜਵਾਨਾਂ ਨੂੰ ਸਵੇਰ ਤੋਂ ਹੀ ਪਕੌੜੇ, ਮਠਿਆਈਆਂ ਅਤੇ ਬੱਕਰੇ ਬਣਾ ਕੇ ਖੁਆਏ ਜਾਂਦੇ ਸਨ। ਕਣਕ ਵੱਢ ਕੇ ਉਸ ਦੀਆਂ ਭਰੀਆਂ ਬੰਨ੍ਹੀਆਂ ਜਾਂਦੀਆਂ ਸਨ। ਕਈ ਵਾਰ ਤਾਂ ਹਵਾ/ਹਨ੍ਹੇਰੀ ਆਉਣ ’ਤੇ ਭਰੀਆਂ ਇਕ ਦੂਜੇ ਦੀ ਪੈਲੀ/ਖੇਤ ਵਿਚ ਚਲੇ ਜਾਂਦੀਆਂ ਸਨ। ਭਰੀਆਂ ਵਿਚ ਭਰੀਆਂ ਰਲ ਵੀ ਜਾਂਦੀਆਂ ਸਨ, ਪਰ ਆਪਸੀ ਪਿਆਰ ਭਾਈਚਾਰਾ ਇੰਨਾ ਜ਼ਿਆਦਾ ਹੁੰਦਾ ਸੀ ਕਿ ਇਕ ਦੂਜੇ ਦੇ ਖੇਤ ਵਿਚ ਭਰੀਆਂ ਜਾਣ ’ਤੇ ਉਨ੍ਹਾਂ ਨੂੰ ਮੋੜ ਦਿੱਤਾ ਜਾਂਦਾ।
ਭਰੀਆਂ ਨੂੰ ਇਕ ਥਾਂ ’ਤੇ ਇਕੱਠਾ ਕੀਤਾ ਜਾਂਦਾ ਸੀ ਜਿਸ ਨੂੰ ਖਲਵਾੜਾ ਆਖਦੇ ਸਨ। ਬਹੁਤ ਪੁਰਾਣੇ ਸਮੇਂ ’ਚ ਤਾਂ ਕਣਕਾਂ ਨੂੰ ਬਲਦਾਂ, ਝੋਟਿਆਂ ਅਤੇ ਊਠਾਂ ਨਾਲ ਗਾਹੁੰਦੇ ਸਨ। ਪੁਰਾਣੇ ਸਮੇਂ ਵਿਚ ਕਣਕ ਨੂੰ ਸਾਂਭਣ ਲਈ ਕਈ ਹਫ਼ਤੇ ਲੱਗ ਜਾਂਦੇ ਸਨ। ਮੰਡੀਆਂ ਵਿਚ ਵੇਚਣ ਤੋਂ ਬਾਅਦ ਘਰ ਖਾਣ ਲਈ ਮਿੱਟੀ ਦੇ ਭੜੋਲਿਆਂ ਵਿਚ ਭੰਡਾਰ ਜਮ੍ਹਾਂ ਕਰ ਲਿਆ ਜਾਂਦਾ ਸੀ। ਬਾਅਦ ਵਿਚ ਕਿਸਾਨ ਤੂੜੀ ਦੀ ਸਾਂਭ-ਸੰਭਾਲ ਲਈ ਰੁੱਝ ਜਾਂਦੇ ਸਨ। ਬਾਹਰ ਖੇਤਾਂ ਵਿਚ ਤੂੜੀ ਦੇ ਮੂਸਲ ਬੰਨ੍ਹ ਲਏ ਜਾਂਦੇ ਸਨ। ਕਣਕ ਦੇ ਨਾੜ ਨੂੰ ਇਕੱਠਾ ਕਰ ਕੇ ਉਸ ਦੀ ਤੂੜੀ ਬਣਾਈ ਜਾਂਦੀ ਸੀ। ਸਾਲ ਭਰ ਪਸ਼ੂਆਂ ਨੂੰ ਤੂੜੀ ਪਾਉਣ ਲਈ ਕਿਸਾਨ ਭੰਡਾਰ ਜਮ੍ਹਾਂ ਕਰ ਲੈਂਦੇ ਸਨ। ਤੂੜੀ ਹੀ ਪਸ਼ੂਆਂ ਦੀ ਮੁੱਖ ਖੁਰਾਕ ਹੁੰਦੀ ਸੀ। ਕਿਸਾਨ ਆਪਣੇ ਤੂੜੀ ਤੰਦ ਨੂੰ ਸਾਂਭਣ ਲਈ ਮੂਸਲ/ਕੁੱਪ ਬੰਨ੍ਹਦੇ ਸਨ। ਮਾਝੇ ਵਿਚ ਇਸ ਨੂੰ ਮੂਸਲ ਅਤੇ ਮਾਲਵੇ ਤੇ ਦੁਆਬੇ ਵਿਚ ਇਸ ਨੂੰ ਕੁੱਪ ਕਿਹਾ ਜਾਂਦਾ ਹੈ। ਉਨ੍ਹਾਂ ਸਮਿਆਂ ਵਿਚ ਤੂੜੀ ਮੁੱਲ ਲੈ ਕੇ ਪਾਉਣ ਦਾ ਰੁਝਾਨ ਨਹੀਂ ਹੁੰਦਾ ਸੀ।
ਮੂਸਲ ਬਣਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਪਿੰਡ ਵਿਚ ਕੁਝ ਹੀ ਬੰਦੇ ਮੂਸਲ ਬਣਾਉਣ ਦੀ ਕਲਾ ਜਾਣਦੇ ਸਨ। ਮੂਸਲ ਖੁੱਲ੍ਹੇ ਖੇਤਾਂ ਦੇ ਇਕ ਨੁੱਕਰ ਵਿਚ ਕਤਾਰ ਵਿਚ ਬਣਾਏ ਜਾਂਦੇ ਸਨ। ਮੂਸਲ ਸੁਨਹਿਰੀ ਭਾਹ ਮਾਰਦੇ ਹੋਏ ਆਲੇ-ਦੁਆਲੇ ਦੀ ਖ਼ੂਬਸੂਰਤੀ ਨੂੰ ਚਾਰ-ਚੰਨ ਲਾ ਦਿੰਦੇ ਸਨ। ਜੋ ਦੇਖਣ ਨੂੰ ਵੀ ਬਹੁਤ ਸੋਹਣੇ ਲੱਗਦੇ ਸਨ। ਮੂਸਲ ਬੰਨ੍ਹਣ ਲਈ ਸੱਤ ਅੱਠ ਵਿਅਕਤੀਆਂ/ਆਦਮੀਆਂ ਦੀ ਜ਼ਰੂਰਤ ਪੈਂਦੀ ਸੀ। ਜਿਸ ਨਾੜ ਨਾਲ ਮੂਸਲ ਬੰਨ੍ਹਿਆ ਜਾਂਦਾ, ਉਸ ਤੋਂ ਕਣਕ ਦੇ ਛਿੱਟੇ ਅੱਗੋਂ ਵੱਢ ਲਏ ਜਾਂਦੇ ਸਨ। ਨਾੜ ਸਾਂਭ ਕੇ ਮੂਸਲ ਬਣਾਉਣ ਲਈ ਰੱਖ ਲਿਆ ਜਾਂਦਾ ਸੀ। ਜਿਸ ਨਾਲ ਝੋਨੇ ਦੀ ਪਰਾਲੀ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਮੂਸਲ ਬਣਾਉਣ ਵੇਲੇ ਖੇਤ ਦੀ ਨੁੱਕਰ ਥੋੜ੍ਹੀ ਮਿੱਟੀ ਪਾ ਕੇ ਉੱਚਾ ਥੜ੍ਹਾ ਬਣਾਇਆ ਜਾਂਦਾ ਸੀ। ਥੜ੍ਹਾ ਇਸ ਲਈ ਬਣਾਉਂਦੇ ਸਨ ਕਿ ਖੇਤ ਵਿਚ ਪਾਣੀ ਲਾਉਣ ਸਮੇਂ ਮੂਸਲ ਵਿਚ ਪਾਣੀ ਨਹੀਂ ਵੜਦਾ ਸੀ। ਮੂਸਲ ਬੰਨ੍ਹਣ ਲਈ ਕਣਕ ਦਾ ਨਾੜ, ਕਾਹੀ, ਸਰਕੜੇ, ਬਾਸਮਤੀ ਦੀ ਪਰਾਲੀ, ਲੰਮਾ ਬੇੜ, ਮੁੰਜ ਦੀਆਂ ਬਾਰੀਕ ਸਖ਼ਤ ਰੱਸੀਆਂ, ਤੰਗਲੀ, ਦਾਤਰੀ, ਲੱਕੜ ਦੀਆਂ ਕਿੱਲਾਂ, ਤੂੜੀ ਢੋਣ ਲਈ ਤੱਪੜ ਜਾਂ ਪੱਲੀ, ਰੰਬਾ ਅਤੇ ਪੌੜੀ ਦੀ ਵਰਤੋਂ ਕੀਤੀ ਜਾਂਦੀ ਸੀ। ਕਣਕ ਦੀਆਂ ਭਰੀਆਂ ਦੇ ਦੁਵਾਲਿਓਂ ਲੱਥੇ ਬੇੜਾਂ ਨੂੰ ਦੋ-ਦੋ ਇਕੱਠੇ ਕਰਕੇ ਵੱਟ ਚਾੜ੍ਹ ਕੇ ਲੰਮੀਆਂ-ਲੰਮੀਆਂ ਲੱਜਾਂ ਬਣਾ ਲਈਆਂ ਜਾਂਦੀਆਂ ਸਨ।
ਮੂਸਲ ਬਣਾਉਣ ਵੇਲੇ ਸਭ ਤੋਂ ਪਹਿਲਾਂ ਜ਼ਮੀਨ ਸਾਫ਼ ਕਰ ਕੇ ਤੂੜੀ ਦਾ ਢੇਰ ਲਾ ਕੇ ਥੱਲਾ/ਤਲਾਅ ਪਾਇਆ ਜਾਂਦਾ ਸੀ। ਬਹੁਤ ਜ਼ਿਆਦਾ ਤੂੜੀ ਦਾ ਮੂਸਲ ਬੰਨ੍ਹਿਆ ਜਾਂਦਾ, ਥੋੜ੍ਹੀ ਤੂੜੀ ਲਈ ਮੂਸਲੀ ਛੋਟੇ ਰੂਪ ਵਿਚ ਬੰਨ੍ਹੀ ਜਾਂਦੀ ਸੀ। ਮੂਸਲ ਦੀ ਲੰਬਾਈ ਲਗਪਗ 15,16 ਫੁੱਟ ਤਕ ਦੀ ਹੁੰਦੀ ਸੀ। ਵੱਡੇ ਮੂਸਲ ਵਿਚ ਸੌ ਤੂੜੀ ਦੀਆਂ ਪੰਡਾਂ ਜਮ੍ਹਾਂ ਹੋ ਜਾਂਦੀਆਂ ਸਨ। ਯਾਨੀ ਕਿ ਇਕ ਕਿੱਲੇ ਦੀ ਤੂੜੀ ਮੂਸਲ ਵਿਚ ਰੱਖ ਲੈਂਦੇ ਸਨ। ਇਸ ਦੇ ਦੁਆਲੇ ਨਾੜ ਖੜ੍ਹੇ ਰੁਖ਼ ਲਾਈ ਜਾਂਦੀ। ਨਾੜ ਦਾ ਮੂਸਲ ਸਭ ਤੋਂ ਚੰਗਾ ਬੱਝਦਾ ਸੀ। ਜ਼ਮੀਨ ਵਿਚ ਇਕ ਲੱਕੜ ਦਾ ਕਿੱਲਾ ਠੋਕ ਕੇ ਉਸ ਨਾਲ ਬੇੜ/ਲੱਜ ਬੰਨ੍ਹੀ ਜਾਂਦੀ ਸੀ। ਇਕ ਵਿਅਕਤੀ ਉਸ ਨੂੰ ਖਿੱਚ ਕੇ ਰੱਖਦਾ ਤੇ ਦੂਸਰਾ ਮੂਸਲ ਦੇ ਨਾੜ ਨੂੰ ਸਿੱਧਾ ਕਰੀ ਜਾਂਦਾ। ਮੂਸਲ ਨੂੰ ਚੰਗੇ ਢੰਗ ਨਾਲ ਬੰਨ੍ਹਣ ਲਈ ਹੇਠ ਤੂੰ ਹੀ ਦੋ ਬੇੜ ਘੁਮਾਏ ਜਾਂਦੇ ਸਨ। ਜਿਸ ਨਾਲ ਮੂਸਲ ਦੇ ਥੱਲੇ ਦੀ ਮਜ਼ਬੂਤੀ ਬਣੀ ਰਹਿੰਦੀ ਸੀ। ਫਿਰ ਇਹ ਗੁਲਾਈਨੁਮਾ ਢੰਗ ਨਾਲ ਉੱਪਰ ਵੱਲ ਨੂੰ ਵਧਦਾ ਜਾਂਦਾ ਸੀ। ਇਸ ਵਿਚ ਪੌੜੀ ਦੇ ਸਹਾਰੇ/ਮਦਦ ਨਾਲ ਤੂੜੀ ਪਾਈ ਜਾਂਦੀ ਸੀ। ਇਕ ਦੋ ਜਣੇ ਮੂਸਲ ਵਿਚ ਖੜ੍ਹੇ ਹੋ ਕੇ ਤੂੜੀ ਦੀਆਂ ਪੰਡਾਂ ਖੋਲ੍ਹੀ ਜਾਂਦੇ ਸਨ। ਨਾਲ-ਨਾਲ ਹੀ ਇਸ ਨੂੰ ਲਿਤਾੜ/ਠੋਕ/ਨੱਪ ਕੇ ਇਸ ਨੂੰ ਠੋਸ ਬਣਾਈ ਜਾਂਦੇ ਸਨ। ਮੂਸਲ ਦੇ ਹੇਠ ਤੋਂ ਥੋੜ੍ਹਾ ਉੱਪਰ ਜਾਣ ਸਮੇਂ ਇਸ ਦੀ ਗੋਗੜ ਬਾਹਰ ਕੱਢ ਦਿੱਤੀ ਜਾਂਦੀ ਸੀ ਜਿਸ ਨਾਲ ਉਸ ਦੀ ਬਣਾਵਟ ਵੀ ਸੋਹਣੀ ਲੱਗਦੀ ਅਤੇ ਮੂਸਲ ਦਾ ਸੰਤੁੁਲਨ ਵੀ ਬਣਿਆ ਰਹਿੰਦਾ ਸੀ। ਜਿਉਂ-ਜਿਉਂ ਮੂਸਲ ਉੱਪਰ ਵੱਲ ਨੂੰ ਵਧਾਇਆ ਜਾਂਦਾ, ਇਸ ਦਾ ਘੇਰਾ ਛੋਟਾ ਹੁੰਦਾ ਜਾਂਦਾ। ਇਕ ਵਿਅਕਤੀ ਥੋੜ੍ਹੀ-ਥੋੜ੍ਹੀ ਵਿੱਥ ’ਤੇ ਨਾੜ ਰੱਖ ਕੇ ਗੁੰਦੀ ਜਾਂਦਾ ਸੀ। ਕਈ ਲੋਕ ਮੂਸਲ ਨੂੰ ਕਾਹੀ ਜਾਂ ਸਰਕੜੇ ਨਾਲ ਵੀ ਬਣਾਉਂਦੇ ਸਨ। ਮੂਸਲ ਐਨੇ ਵਧੀਆ ਤੇ ਸੋਹਣੇ ਤਰੀਕੇ ਨਾਲ ਬਣਾਇਆ ਜਾਂਦਾ ਕਿ ਉਸ ਉੱਤੇ ਮੀਂਹ, ਧੁੱਪ, ਹਨ੍ਹੇਰੀ ਦਾ ਕੋਈ ਵੀ ਅਸਰ ਨਹੀਂ ਹੁੰਦਾ ਸੀ। ਮੂਸਲ ਵਿਚੋਂ ਤੂੜੀ ਕੱਢਣ ਵੇਲੇ ਇਕ ਪਾਸੇ ਥੋੜ੍ਹਾ ਜਿਹਾ ਮੋਘਾ ਰੱਖ ਕੇ ਉਸ ਵਿਚੋਂ ਤੂੜੀ ਬਾਹਰ ਕੱਢੀ ਜਾਂਦੀ ਸੀ।
ਮੂਸਲ ਖ਼ਤਮ ਹੋਣ ’ਤੇ ਉੱਪਰ ਵਾਲੇ ਪਾਸੇ ਬੋਦੀ ਬੰਨ੍ਹੀ ਜਾਂਦੀ ਸੀ। ਕਈ ਲੋਕ ਤਾਂ ਬੋਦੀ ਦੇ ਸਿਰੇ ’ਤੇ ਛਿੱਤਰ ਜਾਂ ਕੁੱਜੇ ਉੱਪਰ ਕਾਲਾ ਮੂੰਹ ਬਣਾ ਕੇ ਬੰਨ੍ਹਦੇ ਸਨ ਤਾਂ ਕਿ ਮੂਸਲ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਮੂਸਲ ਦੀ ਬੋਦੀ ਵਿਚ ਕਈ ਵਾਰ ਪੰਛੀ ਵੀ ਆਪਣੇ ਆਲ੍ਹਣੇ ਬਣਾ ਲੈਂਦੇ ਸਨ।
ਤੂੜੀ ਮੂਸਲ ਵਿਚ ਭਰ ਕੇ ਸਾਲ ਭਰ ਰੱਖੀ ਜਾਂਦੀ ਸੀ। ਮਾਹਰ ਇਕ ਦਿਨ ਵਿਚ ਹੀ ਮੂਸਲ ਤਿਆਰ ਕਰ ਦਿੰਦੇ ਸਨ। ਨਿੱਕੇ ਹੁੰਦੇ ਬਜ਼ੁਰਗਾਂ ਤੋਂ ਸੁਣਦੇ ਸੀ ਕਿ ਮੰਜਿਆਂ ਨੂੰ ਆਪਸ ਵਿਚ ਜੋੜ ਕੇ ਵੀ ਮੂਸਲ ਬੰਨ੍ਹਿਆ ਜਾਂਦਾ ਸੀ। ਕੁਝ ਦਿਨ ਪਹਿਲਾਂ ਇਹ ਦੇਖਣ ਨੂੰ ਮਿਲਿਆ। ਚਾਰ ਤੋਂ ਅੱਠ ਮੰਜਿਆਂ ਨੂੰ ਆਪਸ ਵਿਚ ਜੋੜ ਕੇ ਲਹਿੰਦੇ ਪੰਜਾਬ ਵਿਚ ਅੱਜ ਵੀ ਮੂਸਲ ਬੰਨ੍ਹਦੇ ਹਨ।
ਬਹੁਤ ਲੋਕ ਹੁਣ ਘਰਾਂ ਵਿਚ ਡੰਗਰ/ ਲਵੇਰਾ ਹੀ ਨਹੀਂ ਰੱਖਦੇ, ਇਸ ਕਰਕੇ ਤੂੜੀ ਸਾਂਭਣ ਅਤੇ ਮੂਸਲ ਬਣਾਉਣ ਦਾ ਕੰਮ ਲਗਾਤਾਰ ਘਟਦਾ ਜਾ ਰਿਹਾ ਹੈ। ਜੇ ਕੋਈ ਪਸ਼ੂ ਰੱਖਦਾ ਵੀ ਹੈ ਤਾਂ ਉਹ ਲੋਕ ਤੂੜੀ ਮੁੱਲ ਲੈ ਕੇ ਆਉਂਦੇ ਹਨ। ਇਸ ਲਈ ਹੁਣ ਮੂਸਲ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਇਸ ਨੂੰ ਟਾਵੇਂ-ਟਾਵੇਂ ਪਿੰਡਾਂ ਵਿਚ ਹੀ ਲੋਕ ਬਣਾਉਂਦੇ ਹਨ। ਜ਼ਿਆਦਾਤਰ ਲੋਕ ਘਰਾਂ ਤੇ ਢਾਰਿਆਂ/ ਕੋਠਿਆਂ ਵਿਚ ਹੀ ਤੂੜੀ ਸਾਂਭ ਕੇ ਰੱਖ ਲੈਂਦੇ ਹਨ। ਪੁਰਾਣੇ ਸਮੇਂ ਵਿਚ ਤੂੜੀ ਸਿਰਫ਼ ਪਸ਼ੂਆਂ ਨੂੰ ਪਾਉਣ ਤਕ ਹੀ ਸੀਮਤ ਨਹੀਂ ਸੀ, ਸਗੋਂ ਕੱਚੇ ਕੋਠਿਆਂ ਦੀਆਂ ਕੰਧਾਂ ਲਿੱਪਣ, ਚੌਂਕੇ ਚੁੱਲ੍ਹੇ ਤਿਆਰ ਕਰਨ, ਪਾਥੀਆਂ ਪੱਥਣ ਲਈ ਤੂੜੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਸੀ।
ਅੱਜ ਦੇ ਮਸ਼ੀਨੀਕਰਨ ਦੇ ਯੁੱਗ ਵਿਚ ਤਾਂ ਕਿਸਾਨ ਘੰਟਿਆਂ ਵਿਚ ਹੀ ਕਣਕ ਕੰਬਾਈਨਾਂ ਨਾਲ ਵੱਢ ਕੇ ਵਿਹਲੇ ਹੋ ਜਾਂਦੇ ਹਨ। ਅੱਜਕੱਲ੍ਹ ਮੂਸਲ ਬੰਨ੍ਹਣ ਦੀ ਲੋੜ ਨਹੀਂ ਪੈਂਦੀ। ਤੂੜੀ ਸਾਂਭਣ ਲਈ ਕਿਸਾਨਾਂ ਨੇ ਵੱਡੇ-ਵੱਡੇ ਸ਼ੈੱਡ ਤਿਆਰ ਕਰ ਲਏ ਹਨ। ਜਿਨ੍ਹਾਂ ਵਿਚ ਤਿੰਨ ਚਾਰ ਕਿੱਲਿਆਂ ਦੀ ਤੂੜੀ ਸਟੋਰ ਕਰ ਲਈ ਜਾਂਦੀ ਹੈ। ਝੋਨੇ ਦੀ ਅਗਲੀ ਫ਼ਸਲ ਬੀਜਣ ਲਈ ਕਾਹਲੇ ਹੋਏ ਕਿਸਾਨ ਕਣਕ ਦੇ ਨਾੜ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸਾੜ ਦਿੰਦੇ ਹਨ।
ਸੰਪਰਕ: 98881-12801