ਨਵੀਂ ਦਿੱਲੀ, 1 ਜੂਨ
‘ਏਅਰ ਇੰਡੀਆ’ ਵੱਲੋਂ ਪਿਛਲੇ ਸਾਲ ਨੌਕਰੀ ਤੋਂ ਕੱਢੇ ਗਏ ਸਾਰੇ ਪਾਇਲਟਾਂ ਨੂੰ ਦਿੱਲੀ ਹਾਈ ਕੋਰਟ ਨੇ ਮੁੜ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰੀ ਏਅਰਲਾਈਨ ਨੇ ਪਿਛਲੇ ਸਾਲ ਕੰਟਰੈਕਟ ’ਤੇ ਰੱਖੇ ਪਾਇਲਟਾਂ ਸਣੇ ਕਈ ਹੋਰਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਿੱਤੀਆਂ ਸਨ। ਅਦਾਲਤ ਨੇ ‘ਏਅਰ ਇੰਡੀਆ’ ਦੇ ਫ਼ੈਸਲੇ ਨੂੰ ਖਾਰਜ ਕਰਦਿਆਂ ਮੁੜ ਤਾਇਨਾਤੀ ਦਾ ਹੁਕਮ ਦਿੱਤਾ ਹੈ। ਜਸਟਿਸ ਜਿਓਤੀ ਸਿੰਘ ਨੇ ਨਾਲ ਹੀ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਲੰਘੇ ਸਮੇਂ ਲਈ ਤਨਖ਼ਾਹ ਵੀ ਦਿੱਤੀ ਜਾਵੇ। ਅਦਾਲਤ ਨੇ ਕਿਹਾ ਕਿ ਭਵਿੱਖ ਵਿਚ ਕੰਟਰੈਕਟ ’ਤੇ ਰੱਖੇ ਪਾਇਲਟਾਂ ਦੀਆਂ ਸੇਵਾਵਾਂ ਵਿਚ ਵਾਧਾ ਕਰਨ ਦਾ ਫ਼ੈਸਲਾ ‘ਏਅਰ ਇੰਡੀਆ’ ਉਨ੍ਹਾਂ ਦੀ ਤਸੱਲੀਬਖ਼ਸ਼ ਕਾਰਗੁਜ਼ਾਰੀ ਦੇ ਅਧਾਰ ’ਤੇ ਲੈ ਸਕੇਗੀ। ਹਾਈ ਕੋਰਟ ਨੇ ਕਿਹਾ ਕਿ ਪੂਰੀ ਜੱਜਮੈਂਟ ਬੁੱਧਵਾਰ ਤੱਕ ਜਨਤਕ ਕੀਤੀ ਜਾਵੇਗੀ। -ਪੀਟੀਆਈ