ਅਮਰਜੀਤ ਕੌਂਕੇ
ਰਾਜੇਸ਼ ਜੋਸ਼ੀ ਦਾ ਜਨਮ 1946 ਵਿਚ ਨਰਸਿੰਘਗੜ੍ਹ (ਮੱਧ ਪ੍ਰਦੇਸ਼) ਵਿਚ ਹੋਇਆ। ਉਨ੍ਹਾਂ ਨੇ ਜੀਵ ਵਿਗਿਆਨ ਤੇ ਸਮਾਜ ਸ਼ਾਸਤਰ ਵਿਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਸਮਰਗਾਥਾ, ਏਕ ਦਿਨ ਬੋਲੇਂਗੇ ਪੇੜ, ਮਿੱਟੀ ਕਾ ਚਿਹਰਾ, ਨੇਪਥਯ ਮੇਂ ਹੰਸੀ, ਦੋ ਪੰਕਤੀਯੋਂ ਕੇ ਬੀਚ, ਚਾਂਦ ਕੀ ਵਰਤਨੀ, ਧੂਪ ਘੜੀ, ਜ਼ਿਦ ਕਾਵਿ-ਸੰਗ੍ਰਹਿ ਹਿੰਦੀ ਵਿਚ ਪ੍ਰਕਾਸ਼ਿਤ। ਅਨੇਕ ਕਹਾਣੀ-ਸੰਗ੍ਰਹਿ, ਨਾਟਕ ਤੇ ਆਲੋਚਨਾ-ਪੁਸਤਕਾਂ ਪ੍ਰਕਾਸ਼ਿਤ। ਕਈ ਪੁਸਤਕਾਂ ਦਾ ਸੰਪਾਦਨ ਤੇ ਅਨੁਵਾਦ। ਸਾਹਿਤ ਅਕਾਦਮੀ, ਦਿੱਲੀ, ਪੁਰਸਕਾਰ ਤੋਂ ਇਲਾਵਾ ਨਿਰਾਲਾ ਸਨਮਾਨ, ਸ਼੍ਰੀ ਕਾਂਤ ਵਰਮਾ ਸਿਮਰਤੀ ਸਨਮਾਨ, ਮਾਖਨਲਾਲ ਚਤੁਰਵੇਦੀ ਪੁਰਸਕਾਰ, ਸ਼ਿਖਰ ਸਨਮਾਨ, ਪਹਿਲ ਸਨਮਾਨ, ਸ਼ਮਸ਼ੇਰ ਸਨਮਾਨ ਸਮੇਤ ਅਨੇਕ ਇਨਾਮਾਂ ਸਨਮਾਨ ਨਾਲ ਸਨਮਾਨਿਤ। ਅਨੇਕ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਦੇ ਨਾਲ ਰਾਜੇਸ਼ ਜੋਸ਼ੀ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ, ਰੂਸੀ ਤੇ ਜਰਮਨ ਭਾਸ਼ਾਵਾਂ ਵਿਚ ਵੀ ਅਨੁਵਾਦ ਪ੍ਰਕਾਸ਼ਿਤ। ਹਿੰਦੀ ਕਵਿਤਾ ਦਾ ਪ੍ਰਮੁਖ ਨਾਮ।
ਮਾਰੇ ਜਾਣਗੇ
ਜੋ ਇਸ ਪਾਗਲਪਣ ਵਿਚ ਸ਼ਾਮਿਲ ਨਹੀਂ ਹੋਣਗੇ
ਮਾਰੇ ਜਾਣਗੇ
ਕਟਹਿਰੇ ਵਿਚ ਖੜ੍ਹੇ ਕਰ ਦਿੱਤੇ ਜਾਣਗੇ
ਜੋ ਵਿਰੋਧ ਵਿਚ ਬੋਲਣਗੇ
ਜੋ ਸੱਚ ਸੱਚ ਬੋਲਣਗੇ
ਮਾਰੇ ਜਾਣਗੇ
ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਕਿ ਕਿਸੇ ਦੀ ਕਮੀਜ਼
ਉਨ੍ਹਾਂ ਦੀ ਕਮੀਜ਼ ਤੋਂ ਹੋਵੇ ਵੱਧ ‘ਸਫੈਦ’
ਕਮੀਜ਼ ’ਤੇ ਜਿਨ੍ਹਾਂ ਦੀ ਦਾਗ ਨਹੀਂ ਹੋਣਗੇ
ਮਾਰੇ ਜਾਣਗੇ
ਧੱਕ ਦਿੱਤੇ ਜਾਣਗੇ
ਕਲਾ ਦੀ ਦੁਨੀਆਂ ਤੋਂ ਬਾਹਰ
ਜੋ ਚਾਪਲੂਸ ਨਹੀਂ ਹੋਣਗੇ
ਜੋ ਗੁਣ ਨਹੀਂ ਗਾਉਣਗੇ
ਮਾਰੇ ਜਾਣਗੇ
ਧਰਮ ਦਾ ਝੰਡਾ ਚੁੱਕੀ ਜੋ ਨਹੀਂ ਜਾਣਗੇ
ਜਲੂਸ ਵਿਚ
ਗੋਲੀਆਂ ਭੁੰਨ ਦੇਣਗੀਆਂ ਉਨ੍ਹਾਂ ਨੂੰ
ਕਾਫ਼ਿਰ ਗਰਦਾਨੇ ਜਾਣਗੇ
ਸਭ ਤੋਂ ਵੱਡਾ ਅਪਰਾਧ ਹੈ
ਇਸ ਵੇਲੇ
ਨਿਹੱਥੇ ਤੇ ਬੇਗੁਨਾਹ ਹੋਣਾ
ਜੋ ਅਪਰਾਧੀ ਨਹੀਂ ਹੋਣਗੇ
ਉਹ ਮਾਰੇ ਜਾਣਗੇ…
ਉਨ੍ਹਾਂ ਨੇ ਰੰਗ ਚੁੱਕੇ
ਉਨ੍ਹਾਂ ਨੇ ਰੰਗ ਚੁੱਕੇ
ਤੇ ਆਦਮੀ ਨੂੰ ਮਾਰ ਸੁੱਟਿਆ
ਉਨ੍ਹਾਂ ਨੇ ਸੰਗੀਤ ਚੁੱਕਿਆ
ਤੇ ਆਦਮੀ ਨੂੰ ਮਾਰ ਸੁੱਟਿਆ
ਉਨ੍ਹਾਂ ਨੇ ਸ਼ਬਦ ਚੁੱਕੇ
ਤੇ ਆਦਮੀ ਨੂੰ ਮਾਰ ਸੁੱਟਿਆ
ਹੱਤਿਆ ਦਾ
ਬਿਲਕੁਲ ਨਵਾਂ ਨੁਸਖਾ
ਤਲਾਸ਼ ਕੀਤਾ ਉਨ੍ਹਾਂ ਨੇ
ਆਦਮੀ ਦੇ ਗੁਸੈਲ ਚੇਹਰੇ
ਤੇ ਚਾਕੂ ਨੂੰ
ਚਮਕਦਾਰ
ਰੰਗੀਨ ਦੀਵਾਰਾਂ ਤੇ ਰੋਸ਼ਨੀਆਂ ਵਿਚਾਲੇ
ਬੇਹੱਦ ਸੂਝ ਬੂਝ
ਤੇ ਸਲੀਕੇ ਨਾਲ ਸਜਾ ਦਿੱਤਾ
ਤੇ ਲੜਾਈ ਨੂੰ
ਕੁਚਲ ਦਿੱਤਾ
ਤੇ ਆਦਮੀ ਨੂੰ ਮਾਰ ਦਿੱਤਾ…
ਧੁੱਪ ਘੜੀ ਦੇ ਪਰਛਾਵੇਂ ਵਿਚ
ਆਪਣੀਆਂ ਛੋਟੀਆਂ ਛੋਟੀਆਂ
ਜੁੱਤੀਆਂ ਘੜੀਸਦਾ
ਚਾਰੋ ਪਾਸਿਓਂ
ਆ ਰਿਹਾ ਹੈ
ਜਾ ਰਿਹਾ ਹੈ
ਸਮਾਂ
ਦਰਜਨਾਂ ਘੜੀਆਂ ਦੇ ਵਿਚਾਲੇ
ਮੈਂ ਖੜ੍ਹਾ ਹਾਂ
ਘੜੀਆਂ ਦੀ ਇੱਕ
ਦੁਕਾਨ ਵਿਚ
ਅਚਾਨਕ ਦੇਖਦਾ ਹਾਂ
ਚਾਰੋ ਪਾਸੇ
ਰੁਕੀਆਂ ਹੋਈਆਂ ਨੇ ਕਈ ਘੜੀਆਂ
ਕਾਫ਼ੀ ਦੇਰ ਤੋਂ
ਉਥੇ ਦੀਆਂ ਉਥੇ
ਸਾਰੀਆਂ ਘੜੀਆਂ ਵਿਚ ਹੈ
ਅੱਡੋ ਅੱਡ ਸਮਾਂ
ਇਕ ਦੂਜੇ ਤੋਂ
ਬਿਲਕੁਲ ਵੱਖਰਾ
ਕੀ ਗ਼ਲਤ ਚਲ ਰਹੀਆਂ ਨੇ
ਇਹ ਸਾਰੀਆਂ ਘੜੀਆਂ
ਕਿਸ ਦੇਸ਼ ਦਾ ਸਮਾਂ
ਦੱਸ ਰਹੀਆਂ ਨੇ ਇਹ
ਕਿਸ ਘੜੀ ਵਿਚ ਹੈ
ਕਿਸ ਦੇਸ਼ ਦਾ ਵਕਤ
ਸੋਚਦਾ ਹੋਇਆ ਖੜ੍ਹਾ ਹਾਂ
ਮੈਂ ਦਰਜਨਾਂ ਘੜੀਆਂ ਦੇ ਵਿਚ
ਇਕ ਕਾਲੀ ਘੜੀ ਹੈ
ਜਿਸਦਾ ਪੈਂਡੂਲਮ
ਤੇਜ਼ੀ ਨਾਲ ਹਿੱਲ ਰਿਹਾ ਹੈ
ਇਕ ਚਮਕਦਾਰ ਸੁਨਹਿਰੀ ਘੜੀ ਹੈ
ਜਿਸਦੇ ਸੀਨੇ ਵਿਚ ਡੋਲ ਰਿਹਾ ਹੈ
ਇਕ ਜਹਾਜ਼
ਕੋਲ ਹੀ ਹੈ ਇੱਕ ਲਾਲ ਸੂਹੀ ਘੜੀ
ਜਿਸਦੇ ਵਿਚ
ਖਿੜਕੀ ਖੋਲ੍ਹ ਕੇ
ਇਕ ਚਿੜੀ ਚਹਿਚਹਾਉਂਦੀ ਹੈ
ਤੇ ਸਾਰੀ ਹਵਾ
ਉਸਦੀ ਅਟਪਟੀ ਆਵਾਜ਼ ਨਾਲ
ਭਰ ਜਾਂਦੀ ਹੈ
ਪੂਰਬ ਦੇ ਵੱਲ ਦਰਵਾਜ਼ਾ ਹੈ
ਦਰਵਾਜ਼ੇ ਦੇ ਵਿਚ ਵਿਚਾਲੇ
ਖੜੀ ਧੁੱਪ ਘੜੀ ਦੇ ਪਰਛਾਵੇਂ ਵਿਚ
ਅਜੇ ਦੁਪਹਿਰ ਹੈ…
ਧਰਤੀ ਦੇ ਕਿਸੇ ਹਿੱਸੇ ਵਿਚ
ਸਵੇਰ ਹੋ ਰਹੀ ਹੋਵੇਗੀ
ਧਰਤੀ ਦੇ ਕਿਸੇ ਹਿੱਸੇ ਵਿਚ
ਉਤਰ ਰਹੀ ਹੋਵੇਗੀ ਰਾਤ
ਧਰਤੀ ਦੇ ਕਿਸੇ ਹਿੱਸੇ ਵਿਚ
ਪੈ ਰਿਹਾ ਹੋਵੇਗਾ ਮੀਂਹ
ਸਫਰ ਦੇ ਲਈ
ਉੱਡੀਆਂ ਹੋਣਗੀਆਂ ਚਿੜੀਆਂ
ਧਰਤੀ ਦੇ ਕਿਸੇ ਹਿੱਸੇ ਵਿਚ
ਲਿਸ਼ਕਦੀ ਧੁੱਪ ਹੈ
ਧਰਤੀ ਦੇ ਇਸ ਹਿੱਸੇ ਵਿਚ
ਸਾਹਮਣੇ ਕੰਧ ਤੇ ਟੰਗੀ ਘੜੀ ਦੇ ਡਾਇਲ ਤੇ
ਦੁਨੀਆ ਦਾ ਰੰਗ ਬਿਰੰਗਾ ਨਕਸ਼ਾ ਹੈ
ਨਕਸ਼ੇ ਤੇ
ਸੂਰਜ-ਕਿਰਨ ਵਰਗੀ ਪਤਲੀ
ਇਕ ਤੀਜੀ ਸੂਈ
ਚੱਕਰ ਕੱਟ ਰਹੀ ਹੈ ਲਗਾਤਾਰ
ਤੇ ਸਮਾਂ ਰੁੜ੍ਹ ਰਿਹਾ ਹੈ
ਸਮਾਂ ਬਦਲ ਰਿਹਾ ਹੈ
ਪਲ ਪ੍ਰਤਿਪਲ
ਚਾਰੋ ਪਾਸੇ ਘੜੀਆਂ ਨੇ
ਟਿਕ ਟਿਕ ਕਰਦੀਆਂ
ਧੜਕ ਰਹੀਆਂ ਨੇ
ਕਾਰੀਗਰ ਦੀਆਂ ਉਂਗਲੀਆਂ
ਲਗਾਤਾਰ
ਅਗਲੇ ਪਾਸੇ
ਅਗਲੇ ਸਵੇਰੇ ਵਿਚ ਦਾਖ਼ਲ ਹੁੰਦਾ ਸਮਾਂ
ਸਰਕ ਰਿਹਾ ਹੈ
ਸਮਾਂ ਸਰਕ ਰਿਹਾ ਹੈ
ਹਰ ਪਲ…
ਮੈਂ ਉੱਡ ਜਾਵਾਂਗਾ
ਸਾਰਿਆਂ ਨੂੰ ਚਕਮਾ ਦੇ ਕੇ ਇਕ ਰਾਤ
ਮੈਂ ਕਿਸੇ ਸੁਪਨੇ ਦੀ ਪਿੱਠ ਤੇ ਬੈਠ ਕੇ
ਉੱਡ ਜਾਵਾਂਗਾ
ਹੈਰਾਨੀ ਵਿਚ ਪਾ ਦਿਆਂਗਾ ਸਾਰੀ ਦੁਨੀਆ ਨੂੰ
ਸਭ ਪੁੱਛਦੇ ਫਿਰਨਗੇ
ਕਿਵੇਂ ਉੱਡ ਗਿਆ
ਕਿਉਂ ਉੱਡ ਗਿਆ
ਤੰਗ ਆ ਗਿਆ ਹਾਂ ਮੈਂ ਹਰ ਪਲ ਨਸ਼ਟ ਹੋ ਜਾਣ ਦੀ
ਆਸ਼ੰਕਾ ਨਾਲ ਭਰੀ ਇਸ ਦੁਨੀਆ ਵਿਚ
ਹੋਰ ਵੀ ਅਨੇਕ ਥਾਵਾਂ ਨੇ ਇਸ ਬ੍ਰਹਿਮੰਡ ਵਿਚ
ਮੈਂ ਕਿਸੇ ਵੀ ਦੂਜੇ ਗ੍ਰਹਿ ਤੇ ਜਾ ਕੇ ਵਸ ਜਾਵਾਂਗਾ
ਮੈਂ ਤਾਂ ਕਦੇ ਉੱਡ ਗਿਆ ਹੁੰਦਾ
ਚਾਹ ਦਿਆਂ ਖੋਖਿਆਂ ਤੇ ਢਾਬਿਆਂ ਦੇ ਗਰਮ ਹੁੰਦੇ ਤੰਦੂਰਾਂ ਤੇ
ਸਿਕਦੀਆਂ ਰੋਟੀਆਂ ਦੇ ਲਾਲਚ ਵਿਚ
ਮੈਂ ਪਰਚਿਆ ਰਿਹਾ ਏਨੇ ਦਿਨ
ਟਰੱਕ ਡਰਾਈਵਰਾਂ ਨਾਲ ਗੱਲਾਂ ਕਰਦਿਆਂ
ਮੈਦਾਨਾਂ ਵਿਚ ਪਏ ਮੰਜਿਆਂ ਤੇ
ਗੁਜ਼ਾਰ ਦਿੱਤੀਆਂ ਮੈਂ ਆਪਣੀਆਂ ਰਾਤਾਂ
ਕੀ ਇਹੀ ਸੁਨਣ ਨੂੰ ਬੈਠਾ ਰਹਾਂ ਮੈਂ ਧਰਤੀ ਤੇ
ਕਿ ਪਾਲਕ ਨਾ ਖਾਓ
ਮੇਥੀ ਨਾ ਖਾਓ
ਨਾ ਖਾਓ ਹਰੀਆਂ ਸਬਜ਼ੀਆਂ…
ਮੈਂ ਸਾਰੇ ਸੁਪਨਿਆਂ ਨੂੰ ਗੁੰਨ੍ਹ ਗੁੰਨ੍ਹ ਕੇ
ਇਕ ਬਹੁਤ ਲੰਬੀ ਪੌੜੀ ਬਣਾਵਾਂਗਾ
ਤੇ ਸਾਰੇ ਭਲੇ ਲੋਕਾਂ ਨੂੰ ਉੱਤੇ ਚੜ੍ਹਾ ਕੇ
ਚੁੱਕ ਲਵਾਂਗਾ ਪੌੜੀ
ਉੱਪਰ ਕਿਸੇ ਗ੍ਰਹਿ ਤੇ ਬੈਠ ਕੇ
ਅੰਗੂਠਾ ਦਿਖਾਵਾਂਗਾ ਮੈਂ
ਸਾਰੇ ਵਹਿਸ਼ੀਆਂ ਨੂੰ
ਕਿ ਕਰ ਦਿਓ ਜਿਵੇਂ ਕਰਨਾ ਹੋਵੇ ਤਬਾਹ
ਇਸ ਦੁਨੀਆਂ ਨੂੰ
ਮੈਂ ਉਥੇ ਉਗਾਵਾਂਗਾ
ਹਰੀਆਂ ਸਬਜ਼ੀਆਂ
ਤੇ ਤੰਦੂਰ ਲਵਾਂਗਾ
ਦੇਖਣਾ ਇੱਕ ਦਿਨ
ਮੈਂ ਸੱਚਮੁੱਚ ਉੱਡ ਜਾਵਾਂਗਾ…
ਸ਼ਿਕਾਰ
ਨੀਂਦ ਨੂੰ ਵੇਚ ਕੇ ਸਾਰੇ ਘੋੜੇ
ਚੁੰਗੀਆਂ ਭਰਨ ਨੂੰ
ਛੱਡ ਦਿੱਤੇ ਹਿਰਨ
ਸੁਪਨਲੋਕ ਵਿਚ
‘‘ਸ਼ਿਕਾਰੀਆਂ ਦੇ ਲਈ ਦਾਖਲਾ ਵਰਜਿਤ’’
‘‘ਸ਼ਿਕਾਰ ਖੇਲਣਾ ਮਨ੍ਹਾਂ ਹੈ ਇਥੇ’’
ਥਾਂ ਥਾਂ ਤੇ ਲਾਈਆਂ
ਮੈਂ ਤਖਤੀਆਂ
ਪਰ ਮੇਰੇ ਪੈਰਾਂ ਵਿਚ ਇਕੱਠੀ ਹੋਈ
ਦਿਨ ਭਰ ਦੀ ਥਕਾਨ
ਤੇ ਦਿਨ ਭਰ ਰੋਂਦੇ ਹੋਏ ਰੋਣੇ
ਸਭ ਨੇ ਮਿਲ ਕੇ ਪੈਦਾ ਕੀਤਾ
ਮੇਰੇ ਹੀ ਖੂਨ ਵਿਚੋਂ ਇਕ ਸ਼ਿਕਾਰੀ
ਮੇਰੇ ਸੁਪਨਲੋਕ ਦੀ ਚਾਂਦਨੀ ਰਾਤ ਵਿਚ
ਖੇਡਿਆ ਉਸਨੇ ਸ਼ਿਕਾਰ
ਰਾਤ ਰਾਤ ਭਰ
ਦੇਖਿਆ ਮੈਂ ਹੁੰਦਾ
ਹਿਰਨਾਂ ਦਾ ਵਿਰਲਾਪ
ਹਾਂ ਦੇਖੀ
ਉਹਨਾਂ ਹਿਰਨਾਂ ਦੀ
ਦਿਲ ਚੀਰਵੀਂ ਪੁਕਾਰ…
ਮਾਂ ਦੀ ਯਾਦ ਤੇ
ਅਚਾਨਕ ਆਉਂਦੀ ਹੈ
ਮਾਂ ਦੀ ਯਾਦ
ਤੇ ਉਦਾਸ ਹੋ ਜਾਂਦੀ ਹੈ
ਉਹ
ਕਿ ਸਿਰਫ ਇਕ ਉਸੇ ਦਾ ਘਰ
ਨਹੀਂ ਦੇਖਿਆ ਮਾਂ ਨੇ
ਕਿ ਮਾਂ ਕਿਉਂ ਚਲੀ ਗਈ
ਉਸਦਾ ਘਰ ਬਣਨ ਤੋਂ ਪਹਿਲਾਂ ਹੀ
ਵਿਲਕਣ ਲੱਗਦੀ ਹੈ ਉਹ
ਸਿਰਾਹਣੇ ਵਿਚ ਸਿਰ ਦੇ ਕੇ
ਕਿ ਮਾਂ ਨਹੀਂ ਖਿਡਾ ਸਕੀ
ਉਸਦੇ ਪਹਿਲੇ ਬੱਚੇ ਨੂੰ
ਜਦੋਂਕਿ ਸਾਰੀਆਂ ਭੈਣਾਂ ਦੇ ਬੱਚਿਆਂ ਨੂੰ
ਗੋਦੀ ਵਿਚ ਲੈ ਲੈ ਕੇ
ਕਿੰਨਾ ਕੁ ਨਹੀਂ ਖਿਡਾਇਆ ਮਾਂ ਨੇ
ਉਸਨੂੰ ਰਹਿ ਰਹਿ ਕੇ
ਯਾਦ ਆਉਂਦੀ ਹੈ
ਮਾਂ
ਇਨ੍ਹਾਂ ਦਿਨਾਂ ਵਿਚ
ਇਨ੍ਹਾਂ ਦਿਨਾਂ ਵਿਚ
ਜਦੋਂ ਉਹ ਖੁਦ
ਮਾਂ ਬਣਨ ਵਾਲੀ ਹੈ…
ਇਹ ਧਰਮ ਦੇ ਵਿਰੁੱਧ ਹੈ
ਮਕਾਨ ਮਾਲਿਕ ਪ੍ਰੇਸ਼ਾਨ ਹੈ
ਤੇ ਵਿਹੜੇ ਵਿਚ ਟਹਿਲ ਰਿਹਾ ਹੈ
ਦੇਖ ਰਿਹਾ ਹੈ
ਸੱਜੇ ਪਾਸੇ ਦੀ ਕੰਧ ਤੇ
ਝੀਥ ਦੇ ਵਿਚੋਂ
ਇਕ ਪਿੱਪਲ ਉੱਗ ਆਇਆ ਹੈ
ਕੰਧ ਵਿਚ ਦੂਰ ਤੱਕ
ਪੈ ਗਈ ਹੈ ਤਰੇੜ
ਪਰ ਪਿੱਪਲ ਨੂੰ
ਨਾ ਤਾਂ ਪੱਟਿਆ ਜਾ ਸਕਦਾ ਹੈ
ਨਾ ਕੱਟਿਆ ਜਾ ਸਕਦਾ ਹੈ
ਕਿਉਂਕਿ ਇਹ ਧਰਮ ਦੇ ਵਿਰੁੱਧ ਹੈ
ਮਕਾਨ ਮਾਲਿਕ ਪ੍ਰੇਸ਼ਾਨ ਹੈ
ਤੇ ਵਿਹੜੇ ਵਿਚ ਟਹਿਲ ਰਿਹਾ ਹੈ
ਦੇਖ ਰਿਹਾ ਹੈ
ਪਿੱਪਲ ਹੋਰ ਵੱਡਾ ਹੋ ਗਿਆ ਹੈ
ਪੂਜਾ ਲਈ ਉਸ ਦੇ ਆਲੇ ਦੁਆਲੇ
ਇਕੱਠੇ ਹੋਣ ਲੱਗੇ ਨੇ
ਮੁਹੱਲੇ ਦੇ ਲੋਕ
ਮਕਾਨ ਇਕ ਸਰਵਜਨਕ ਸਥਾਨ
ਬਣਦਾ ਜਾ ਰਿਹਾ ਹੈ
ਪਰ ਉਹ ਕਿਸੇ ਨੂੰ ਵੀ
ਰੋਕ ਨਹੀਂ ਪਾ ਰਿਹਾ
ਕਿਉਂਕਿ ਇਹ ਧਰਮ ਦੇ ਵਿਰੁੱਧ ਹੈ
ਮਕਾਨ ਮਾਲਿਕ ਪ੍ਰੇਸ਼ਾਨ ਹੈ
ਤੇ ਵਿਹੜੇ ਵਿਚ ਟਹਿਲ ਰਿਹਾ ਹੈ
ਦੇਖ ਰਿਹਾ ਹੈ
ਪਿੱਪਲ ਨੇ ਜੜ੍ਹਾਂ ਹੋਰ ਫੈਲਾ ਲਈਆਂ ਹਨ
ਕੰਧ ਧਸ ਗਈ ਹੈ ਪੂਰੀ ਦੀ ਪੂਰੀ
ਘਰ ਇੱਕ ਪਾਸਿਓਂ
ਪੂਰਾ ਨੰਗਾ ਹੋ ਗਿਆ ਹੈ
ਜਿੱਥੋਂ ਝਾਕ ਰਹੇ ਨੇ ਲੋਕ
ਪਰ ਉਹ ਕਿਸੇ ਨੂੰ ਕੁਝ
ਕਹਿ ਨਹੀਂ ਪਾ ਰਿਹਾ
ਕਿਉਂਕਿ ਇਹ
ਧਰਮ ਦੇ ਵਿਰੁੱਧ ਹੈ
ਮਕਾਨ ਮਾਲਿਕ ਪ੍ਰੇਸ਼ਾਨ ਹੈ
ਤੇ ਵਿਹੜੇ ਵਿਚ ਟਹਿਲ ਰਿਹਾ ਹੈ
ਦੇਖ ਰਿਹਾ ਹੈ
ਫੈਲਦੀਆਂ ਜਾ ਰਹੀਆਂ ਨੇ
ਪਿੱਪਲ ਦੀਆਂ ਜੜ੍ਹਾਂ
ਤੇ ਧਸਦਾ ਜਾ ਰਿਹਾ ਹੈ ਮਕਾਨ
ਆਪਣੀ ਹੀ ਜ਼ਮੀਨ ਤੋਂ
ਬੇਗਾਨਾ ਹੁੰਦਾ ਜਾ ਰਿਹਾ ਹੈ ਉਹ
ਮਨ ਹੀ ਮਨ ਬੁੜਬੁੜਾ ਰਿਹਾ ਹੈ
ਐਸੀ ਦੀ ਤੈਸੀ ਇਸ…
ਪਰ ਅਸੰਭਵ ਹੈ
ਇਸਤੋਂ ਅੱਗੇ ਕੁਝ ਵੀ ਕਹਿਣਾ
ਕਿਉਂਕਿ ਇਹ ਧਰਮ ਦੇ ਵਿਰੁੱਧ ਹੈ…
ਜਨਮ
ਊਠ ਦੀ ਪਿੱਠ ਤੇ
ਆਪਣੇ ਮੰਜੇ ਬੰਨ੍ਹ ਕੇ
ਤੁਰ ਪੈਣਗੇ ਹੁਣੇ ਵਣਜਾਰੇ
ਦੂਰ ਤੱਕ ਉਨ੍ਹਾਂ ਦੇ ਨਾਲ
ਜਾਏਗੀ ਮੇਰੀ ਬੇਚੈਨ ਆਤਮਾ
ਧੁੱਪ ਦੇ ਨਾਲ ਸਰਕਦੀ
ਕਿਸੇ ਦਰਖਤ ਦੀ ਛਾਵੇਂ
ਲਾ ਲੈਣਗੇ ਉਹ ਡੇਰਾ ਆਪਣਾ
ਤੇ ਪਕਾਉਣਗੇ ਭਾਟੀ ਤੇ ਦਾਲ
ਛਾਂ ਦੇ ਨਾਲ
ਸਰਕਦੇ ਰਹਿਣਗੇ ਉਹ ਦਿਨ ਭਰ
ਘੜੀ ਦੀਆਂ ਸੂਈਆਂ ਨਾਲ ਜਿਵੇਂ
ਸਰਕਦਾ ਹੈ ਸਮਾਂ
ਕਿੰਨੀਆਂ ਅਨਮੋਲ
ਕਿੰਨੀਆਂ ਅਜੀਬ ਹੁੰਦੀਆਂ ਨੇ
ਉਹ ਸਧਾਰਣ ਚੀਜ਼ਾਂ
ਜਿਨ੍ਹਾਂ ਦੇ ਸਹਾਰੇ
ਚਲਦਾ ਰਹਿੰਦਾ ਹੈ
ਇਹ ਮਹਾਜੀਵਨ
ਉਹ ਛੋਟੀ ਜਿਹ ਕਾਲੀ ਤੌੜੀ
ਜਿਸ ਵਿਚ ਪਕਾਈ ਜਾਂਦੀ ਹੈ ਦਾਲ
ਤੇ ਰੱਖ ਲਈਆਂ ਜਾਂਦੀਆਂ ਨੇ
ਜੀਵਨ ਦੀਆਂ
ਛੋਟੀਆਂ ਛੋਟੀਆਂ ਖੁਸ਼ੀਆਂ
ਪੁਰਾਣੇ ਅਖਬਾਰ ਦਾ
ਉਹ ਕੋਈ ਵੀ ਛੋਟਾ ਜਿਹਾ ਟੁਕੜਾ
ਜਿਸ ਵਿਚ ਬੰਨ੍ਹ ਕੇ
ਰੱਖਿਆ ਜਾਂਦਾ ਹੈ ਲੂਣ
ਏਨਾ ਸੰਭਾਲ ਕੇ ਰੱਖਦੀ ਹੈ
ਉਹ ਵਣਜਾਰਨ ਔਰਤ ਲੂਣ ਨੂੰ
ਕਾਗਜ਼ ਵਿਚ
ਬੰਨ੍ਹ ਲਿਆ ਹੋਵੇ ਜਿਵੇਂ ਉਸਨੇ
ਪੂਰਾ ਅਰਬ ਸਾਗਰ
ਵਣਜਾਰਿਆਂ ਨੇ ਅਜੇ ਡੇਰਾ ਲਾਇਆ ਹੈ
ਮੇਰੇ ਘਰ ਦੇ ਐਨ ਸਾਹਮਣੇ
ਕਿਸੇ ਫਲ ਦੇ ਟੁਕੜੇ ਦੇ ਵਾਂਗ
ਅਸਮਾਨ ਤੇ ਲਟਕਿਆ ਹੈ
ਕੱਤਕ ਦੀ ਸੱਤਵੀਂ ਦਾ ਚੰਦ
ਸੜਕ ਦੇ ਇਕ ਕਿਨਾਰੇ
ਪਾਨ ਦੇ ਖੋਖਿਆਂ ਪਿੱਛੇ
ਇਕ ਛੋਟੇ ਟਾਟ ਦੇ ਉਹਲੇ
ਤੇ ਲਾਲਟੈਨ ਦੀ
ਮੱਧਮ ਰੌਸ਼ਨੀ ਵਿਚ
ਵਣਜਾਰਨ ਬਹੂ ਨੇ
ਦਿੱਤਾ ਹੈ ਜਨਮ ਹੁਣੇ ਹੁਣੇ
ਇਕ ਬੱਚੇ ਨੂੰ…
ਬੱਚੇ ਕੰਮ ਤੇ ਜਾ ਰਹੇ ਨੇ
ਧੁੰਦ ਨਾਲ ਢਕੀ ਸੜਕ ਤੇ
ਬੱਚੇ ਕੰਮ ਤੇ ਜਾ ਰਹੇ ਹਨ
ਸਵੇਰੇ ਸਵੇਰੇ
ਬੱਚੇ ਕੰਮ ਤੇ ਜਾ ਰਹੇ ਹਨ
ਸਾਡੇ ਸਮਿਆਂ ਦੀ ਸਭ ਤੋਂ
ਭਿਆਨਕ ਸਤਰ ਹੈ ਇਹ
ਭਿਆਨਕ ਹੈ ਇਸਨੂੰ ਬਿਰਤਾਂਤ ਦੇ ਵਾਂਗ ਲਿਖਿਆ ਜਾਣਾ
ਲਿਖਿਆ ਜਾਣਾ ਚਾਹੀਦਾ ਹੈ ਇਸਨੂੰ
ਸਵਾਲ ਦੇ ਵਾਂਗ
ਕੰਮ ਤੇ ਕਿਉਂ ਜਾ ਰਹੇ ਨੇ ਬੱਚੇ??
ਕੀ ਖ਼ਿਲਾਅ ਵਿਚ ਗੁਆਚ ਗਈਆਂ ਨੇ ਸਾਰੀਆਂ ਗੇਂਦਾਂ
ਜਾਂ ਸਿਉਂਕ ਨੇ ਖਾ ਲਿਆ ਹੈ
ਸਾਰੀਆਂ ਰੰਗ ਬਿਰੰਗੀਆਂ ਕਿਤਾਬਾਂ ਨੂੰ
ਜਾਂ ਕਾਲੇ ਪਹਾੜ ਦੇ ਥੱਲੇ
ਦੱਬੇ ਗਏ ਨੇ ਸਾਰੇ ਖਿਡੌਣੇ
ਜਾਂ ਕਿਸੇ ਭੂਚਾਲ ਵਿਚ ਢਹਿ ਗਈਆਂ ਨੇ
ਸਕੂਲਾਂ ਦੀਆਂ ਸਾਰੀਆਂ ਇਮਾਰਤਾਂ
ਕੀ ਸਾਰੇ ਮੈਦਾਨ, ਸਾਰੇ ਬਗੀਚੇ
ਤੇ ਘਰਾਂ ਦੇ ਵਿਹੜੇ
ਖਤਮ ਹੋ ਗਏ ਨੇ ਅਚਾਨਕ
ਤਾਂ ਫਿਰ ਬਚਿਆ ਹੀ ਕੀ ਹੈ
ਇਸ ਦੁਨੀਆਂ ਵਿਚ?
ਕਿੰਨਾ ਭਿਆਨਕ ਹੁੰਦਾ ਜੇ ਇਸ ਤਰ੍ਹਾਂ ਹੁੰਦਾ
ਭਿਆਨਕ ਹੈ ਪਰ ਇਸ ਤੋਂ ਵੀ ਜ਼ਿਆਦਾ ਇਹ
ਕਿ ਹਨ ਸਾਰੀਆਂ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਹੀ
ਪਰ ਦੁਨੀਆਂ ਦੀਆਂ
ਹਜ਼ਾਰਾਂ ਸੜਕਾਂ ਤੋਂ ਲੰਘਦੇ ਹੋਏ
ਬੱਚੇ
ਬਹੁਤ ਛੋਟੇ ਛੋਟੇ ਬੱਚੇ
ਕੰਮ ਤੇ ਜਾ ਰਹੇ ਹਨ…
ਬੱਚਿਆਂ ਦੀ ਚਿਤਰਕਲਾ ਪ੍ਰਤੀਯੋਗਤਾ
ਉਨ੍ਹਾਂ ਨੇ ਬਣਾਏ ਬਹੁਤ ਨੀਲੇ ਅਕਾਸ਼
ਫਿਰ ਸੂਰਜ ਚੰਦ ਤੇ ਸਿਤਾਰਿਆਂ ਨੂੰ
ਅੱਡ ਅੱਡ ਜਗ੍ਹਾ ਰੱਖਿਆ
ਬਿਰਖ ਏਨੇ ਹਰੇ ਬਣਾਏ ਉਨ੍ਹਾਂ ਨੇ
ਜਿੰਨਾ ਹਰਾ ਉਨ੍ਹਾਂ ਨੂੰ
ਹੋਣਾ ਚਾਹੀਦਾ ਹੈ
ਜਾਂ ਜਿੰਨੇ ਹਰੇ ਹੋਣਗੇ ਉਹ
ਕਦੇ ਸਾਡੀ ਧਰਤੀ ਤੇ
ਫਿਰ ਪਹਾੜਾਂ ਨਦੀਆਂ ਤੇ ਝਰਨਿਆਂ ਨੂੰ
ਉਨ੍ਹਾਂ ਨੇ ਅੱਡ ਅੱਡ ਜਗਾਹ ਰੱਖਿਆ
ਉਨ੍ਹਾਂ ਨੇ ਮਕਾਨ
ਸੜਕਾਂ ਤੇ ਪੁਲ ਵੀ ਬਣਾਏ
ਜਿਨ੍ਹਾਂ ਨੂੰ ਰੱਬ ਨੇ ਵੀ
ਨਹੀਂ ਬਣਾਇਆ ਸੀ ਕਦੇ
ਫਿਰ ਉਨ੍ਹਾਂ ਨੇ ਬਣਾਈਆਂ
ਬੱਸਾਂ ਸਕੂਟਰ ਤੇ ਕਾਰਾਂ
ਸਾਈਕਲ ਚਲਾਉਂਦੇ ਤੇ ਪੈਦਲ ਚਲਦੇ
ਲੋਕ ਵੀ ਬਣਾਏ ਉਨ੍ਹਾਂ ਨੇ
ਚੀਜ਼ਾਂ ਨੂੰ ਬਣਾਉਂਦੇ ਚਲੇ ਜਾਣ ਦੇ
ਉਤਸ਼ਾਹ ਵਿਚ
ਏਨਾ ਭਰ ਗਿਆ ਚਿਤਰ
ਕਿ ਗੇਂਦ ਰੱਖਣ ਦੀ ਕੋਈ
ਥਾਂ ਹੀ ਨਹੀਂ ਬਚੀ ਚਿਤਰ ਵਿਚ
ਫੇਰ ਸਮਝ ਆਈ ਉਨ੍ਹਾਂ ਨੂੰ
ਕਿ ਵੱਡਿਆਂ ਨੇ
ਕਿਹੋ ਕਿਹੋ ਜਿਹੀਆਂ ਗ਼ਲਤੀਆਂ
ਕੀਤੀਆਂ ਹਨ
ਇਸ ਦੁਨੀਆਂ ਨੂੰ ਬਣਾਉਣ ਲੱਗਿਆਂ…
ਝਾੜੂ ਦੀ ਨੀਤੀ ਕਥਾ
ਝਾੜੂ ਬਹੁਤ ਛੇਤੀ ਜਾਗ ਪੈਂਦਾ ਹੈ
ਤੇ ਸ਼ੁਰੂ ਕਰ ਦਿੰਦਾ ਹੈ
ਆਪਣਾ ਕੰਮ
ਸੁੰਭਰਦੇ ਹੋਏ ਆਪਣੀ
ਅਟਪਟੀ ਭਾਸ਼ਾ ਵਿਚ
ਉਹ ਲਗਾਤਾਰ ਬੁੜਬੁੜਾਉਂਦਾ ਰਹਿੰਦਾ ਹੈ-
‘‘ਕਚਰਾ ਸੁੰਭਰਨ ਦੀ ਚੀਜ਼ ਹੈ
ਘਬਰਾਉਣ ਦੀ ਨਹੀਂ…
ਕਿ ਅਜੇ ਵੀ ਬਣਾਈਆਂ
ਜਾ ਸਕਦੀਆਂ ਨੇ ਥਾਵਾਂ
ਰਹਿਣ ਦੇ ਲਾਇਕ’’
ਚੋਣ ਅਤੇ ਅਨੁਵਾਦ: ਅਮਰਜੀਤ ਕੌਂਕੇ
ਸੰਪਰਕ: 98142-31698
ਅਮਰਜੀਤ ਕੌਂਕੇ ਦੇ ਪੰਜਾਬੀ ਵਿਚ ਛੇ ਕਾਵਿ-ਸੰਗ੍ਰਹਿ, ਨਿਰਵਾਣ ਦੀ ਤਲਾਸ਼ ’ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, ਚਾਰ ਕਾਵਿ-ਸੰਗ੍ਰਹਿ ਹਿੰਦੀ ਵਿਚ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ ਜਿਹੇ ਦਿੱਗਜ ਲੇਖਕਾਂ ਦੀਆਂ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਸਾਹਿਤਕ ਮੈਗਜ਼ੀਨ ‘ਪ੍ਰਤਿਮਾਨ’ ਦੇ ਸੰਪਾਦਕ।