ਨਵੀਂ ਦਿੱਲੀ, 4 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ 5 ਅਤੇ 6 ਮਈ ਨੂੰ ਪੱਛਮੀ ਬੰਗਾਲ ਦਾ ਦੋ ਦਿਨਾ ਦੌਰਾ ਕਰਨਗੇ। ਇਸ ਮੌਕੇ ਉਹ ਭਾਰਤ-ਬੰਗਲਾਦੇਸ਼ ਸਰਹੱਦ ਨਾਲ ਪੈਂਦੇ ਇਲਾਕਿਆਂ ਦਾ ਦੌਰਾ ਕਰਨ ਤੋਂ ਇਲਾਵਾ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਤੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਭਾਜਪਾ ਦੇ ਸੂਬਾਈ ਆਗੂਆਂ ਨਾਲ ਗੱਲਬਾਤ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਸ਼ਾਹ ਕੋਲਕਾਤਾ ਦੇ ਵਿਕਟੋਰੀਆ ਮੈਮੋਰੀਅਲ ਵਿੱਚ ਸੱਭਿਆਚਾਰ ਮੰਤਰਾਲੇ ਵੱਲੋਂ ਕਰਵਾਏ ਜਾਣ ਵਾਲੇ ਇੱਕ ਸੱਭਿਆਚਾਰਕ ਸਮਾਗਮ ‘ਮੁਕਤੀ-ਮੈਤਰਿਕਾ’ ਵਿੱਚ ਹਿੱਸਾ ਲੈਣਗੇ। ਉਹ ਵੀਰਵਾਰ ਸਵੇਰੇ ਸਤਲੁਜ ’ਚ ਬਾਰਡਰ ਆਊਟ ਪੋਸਟ ’ਤੇ ਇੱਕ ਬੋਟ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸੇ ਦਿਨ ਸ਼ਾਮ ਵੇਲੇ ਸ੍ਰੀ ਸ਼ਾਹ ਸਿਲੀਗੁੜੀ ਵਿੱਚ ਰੇਲਵੇ ਇੰਸਟੀਚਿਊਟ ਸਪੋਰਟਸ ਗਰਾਊਂਡ ’ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। -ਪੀਟੀਆਈ