ਲਖ਼ਨਊ/ਨਵੀਂ ਦਿੱਲੀ, 1 ਜੂਨ
ਉੱਤਰ ਪ੍ਰਦੇਸ਼ ਵਿਚ ਹੋਈਆਂ ਭਾਜਪਾ ਆਗੂਆਂ ਦੀਆਂ ਲੜੀਵਾਰ ਬੈਠਕਾਂ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬਾਰੇ ਪਾਰਟੀ ਦੀ ਫ਼ਿਕਰਮੰਦੀ ਵਧਣ ਵੱਲ ਸੰਕੇਤ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਯੂਪੀ ਵਿਚ ਅਗਲੇ ਵਰ੍ਹੇ ਚੋਣਾਂ ਹਨ ਤੇ ਕੋਵਿਡ ਸੰਕਟ ਨਾਲ ਨਜਿੱਠਣ ਦੇ ਮਾਮਲੇ ’ਤੇ ਮੁੱਖ ਮੰਤਰੀ ਯੋਗੀ ਦੀ ਆਲੋਚਨਾ ਵਧਦੀ ਜਾ ਰਹੀ ਹੈ। ਦਿੱਲੀ ਤੋਂ ਭਾਜਪਾ ਦੇ ਦੋ ਆਗੂ- ਬੀਐੱਲ ਸੰਤੋਸ਼ ਤੇ ਸਾਬਕਾ ਕੇਂਦਰੀ ਮੰਤਰੀ ਰਾਧਾ ਮੋਹਨ ਸਿੰਘ ਨੇ ਲਖ਼ਨਊ ਵਿਚ ਯੂਪੀ ਦੇ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੋ ਰੋਜ਼ਾ ਅਭਿਆਸ ਨੂੰ ‘ਸਮੀਖਿਆ’ ਦਾ ਨਾਂ ਦਿੱਤਾ ਗਿਆ ਹੈ। ਸੰਤੋਸ਼ ਭਾਜਪਾ ਦੇ ਜਥੇਬੰਦਕ ਜਨਰਲ ਸਕੱਤਰ ਹਨ। ਸੰਤੋਸ਼ ਤੇ ਰਾਧਾ ਮੋਹਨ ਨੇ ਮੁੱਖ ਮੰਤਰੀ ਯੋਗੀ ਤੇ ਉਨ੍ਹਾਂ ਦੇ ਡਿਪਟੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਸੂਤਰਾਂ ਨੇ ਉਨ੍ਹਾਂ ਕਿਆਸਰਾਈਆਂ ਦਾ ਖੰਡਨ ਕੀਤਾ ਹੈ ਕਿ ਜਿਨ੍ਹਾਂ ਵਿਚ ਕਿਹਾ ਗਿਆ ਹੈ ਤਿੰਨਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਦਲ ਦਿੱਤਾ ਜਾਵੇਗਾ। ਭਾਜਪਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਆਗੂ ਪਾਰਟੀ ਵੱਲੋਂ ਕੋਵਿਡ ਤੋਂ ਰਾਹਤ ਲਈ ਸੂਬੇ ਵਿਚ ਪਿਛਲੇ ਕੁਝ ਮਹੀਨਿਆਂ ਅਤੇ ਉਸ ਤੋਂ ਪਹਿਲਾਂ ਕੀਤੇ ਗਏ ਕੰਮ ਦੀ ਸਮੀਖਿਆ ਕਰ ਰਹੇ ਹਨ। ਦੱਸਣਯੋਗ ਹੈ ਕਿ ਕਰੋਨਾ ਦਾ ਟਾਕਰਾ ਕਰਨ ਦੇ ਮਾਮਲੇ ’ਚ ਯੋਗੀ ਸਰਕਾਰ ਦੀ ਪਿਛਲੇ ਕੁਝ ਹਫ਼ਤਿਆਂ ਦੌਰਾਨ ਸੋਸ਼ਲ ਮੀਡੀਆ ’ਤੇ ਰੱਜ ਕੇ ਨਿਖੇਧੀ ਹੋ ਰਹੀ ਹੈ। ਵਿਰੋਧੀ ਧਿਰਾਂ ਵੀ ਲਗਾਤਾਰ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਯੋਗੀ ਸਰਕਾਰ ਦੀ ਨਾਕਾਮੀ ਕਾਰਨ ਐਨੀਆਂ ਮੌਤਾਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਗੰਗਾ ਵਿਚ ਤੈਰਦੀਆਂ ਲਾਸ਼ਾਂ ਕਈ ਕੌਮਾਂਤਰੀ ਅਖਬਾਰਾਂ ਦੀ ਸੁਰਖੀ ਬਣ ਚੁੱਕੀਆਂ ਹਨ। ਜਦਕਿ ਯੂਪੀ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਗੁਮਰਾਕੁਨ ਦੱਸਿਆ ਹੈ ਤੇ ਸਫਾਈ ਦਿੱਤੀ ਹੈ ਕਿ ਮੁੱਖ ਮੰਤਰੀ ਯੋਗੀ ਲਗਾਤਾਰ ਰਾਜ ਦਾ ਦੌਰਾ ਕਰ ਰਹੇ ਹਨ। ਦਿੱਲੀ ਤੋਂ ਆਏ ਭਾਜਪਾ ਆਗੂਆਂ ਨੇ ਸਿਹਤ ਮੰਤਰੀ ਜੈ ਪ੍ਰਤਾਪ ਸਿੰਘ ਨਾਲ ਵੀ ਮੁਲਾਕਾਤ ਕੀਤੀ ਹੈ। ਸੂਤਰਾਂ ਮੁਤਾਬਕ ਇਸ ਮੌਕੇ ਸਰਕਾਰ ਦੀ ਸਾਖ਼ ਨੂੰ ਹੋਰ ਮਜ਼ਬੂਤ ਕਰਨ ਤੇ ਲੋਕਾਂ ’ਚ ਕੋਵਿਡ ਬਾਰੇ ਯੂਪੀ ਸਰਕਾਰ ਦੇ ਕੰਮ ਨੂੰ ਪ੍ਰਚਾਰਨ ’ਤੇ ਚਰਚਾ ਕੀਤੀ ਗਈ ਹੈ। ਪਰ ਇਸ ਸਭ ਦੇ ਬਾਵਜੂਦ ਕਈ ਰਿਪੋਰਟਾਂ ਅਜਿਹੀਆਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਭਾਜਪਾ ਦੇ ਵਿਧਾਇਕ ਤੇ ਸੰਸਦ ਮੈਂਬਰ ਮੀਡੀਆ ਕੋਲ ਆਪਣੀ ਹੀ ਸਰਕਾਰ ਖ਼ਿਲਾਫ਼ ਭੜਾਸ ਕੱਢ ਰਹੇ ਹਨ। ਯੂਪੀ ਦੇ ਸੀਤਾਪੁਰ ਤੋਂ ਭਾਜਪਾ ਵਿਧਾਇਕ ਰਾਕੇਸ਼ ਰਾਠੌੜ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ‘ਵਿਧਾਇਕਾਂ ਦੀ ਹੈਸੀਅਤ ਹੀ ਕੀ ਹੈ, ਜ਼ਿਆਦਾ ਬਿਆਨਬਾਜ਼ੀ ਕਾਰਨ ਉਸ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਵੀ ਹੋ ਸਕਦਾ ਹੈ।’ ਜ਼ਿਕਰਯੋਗ ਹੈ ਕਿ ਸੂਬੇ ਦੇ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ ਨੇ ਵੀ ਅਪਰੈਲ ਵਿਚ ਇਕ ‘ਗੁਪਤ ਪੱਤਰ’ ਲਿਖਿਆ ਸੀ ਜੋ ਕਿ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਇਸ ਵਿਚ ਉਨ੍ਹਾਂ ਰਾਜ ਦੇ ਸਿਹਤ ਮਹਿਕਮੇ ’ਤੇ ਆਪਣਾ ਗੁੱਸਾ ਕੱਢਦਿਆਂ ਕਿਹਾ ਸੀ ਕਿ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਹੇ ਤੇ ਐਂਬੂਲੈਂਸਾਂ ਲਖ਼ਨਊ ਪਹੁੰਚਣ ’ਚ ਕਈ ਘੰਟੇ ਲੈ ਰਹੀਆਂ ਹਨ। ਸੂਤਰਾਂ ਮੁਤਾਬਕ ਦਿੱਲੀ ਤੋਂ ਆਈ ਭਾਜਪਾ ਟੀਮ ਨੂੰ ਉਹ ਕਾਰਨ ਵੀ ਤਲਾਸ਼ਣ ਲਈ ਕਿਹਾ ਗਿਆ ਹੈ ਜਿਨ੍ਹਾਂ ਹਾਲ ਹੀ ਵਿਚ ਪੰਚਾਇਤ ਚੋਣਾਂ ’ਚ ਭਾਜਪਾ ਦੀ ਕਾਰਗੁਜ਼ਾਰੀ ਪ੍ਰਭਾਵਿਤ ਕੀਤੀ। ਜ਼ਿਕਰਯੋਗ ਹੈ ਕਿ ਭਾਜਪਾ ਨੂੰ ਉਸ ਦੇ ਕਈ ਗੜ੍ਹਾਂ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਨੂੰ ਅਯੁੱਧਿਆ ਤੇ ਮਥੁਰਾ ਵਿਚ ਝਟਕਾ ਲੱਗਿਆ ਹੈ। ਜਦਕਿ ਯੋਗੀ ਦੇ ਇਲਾਕੇ ਗੋਰਖਪੁੁਰ ’ਚ ਭਾਜਪਾ ਨੂੰ ਸਮਾਜਵਾਦੀ ਪਾਰਟੀ ਨੇ ਤਕੜੀ ਟੱਕਰ ਦਿੱਤੀ। ਜ਼ਿਕਰਯੋਗ ਹੈ ਕਿ ਆਮ ਤੌਰ ’ਤੇ ਭਾਜਪਾ ਦੀਆਂ ਸਮੀਖਿਆ ਬੈਠਕਾਂ ਮਹੀਨੇ ਵਿਚ ਦੋ ਵਾਰ ਹੁੰਦੀਆਂ ਹਨ। ਪਰ ਇਸ ਵਾਰ ਕੋਵਿਡ ਕਾਰਨ ਇਹ ਦੇਰ ਨਾਲ ਕੀਤੀ ਗਈ। -ਪੀਟੀਆਈ
ਮਹਾਮਾਰੀ ਨਾਲ ਨਜਿੱਠਣ ’ਚ ਯੂਪੀ ਸਰਕਾਰ ਦਾ ਕੰਮ ‘ਬੇਮਿਸਾਲ’: ਰਾਧਾ ਮੋਹਨ ਸਿੰਘ
ਲਖ਼ਨਊ: ਭਾਜਪਾ ਆਗੂ ਰਾਧਾ ਮੋਹਨ ਸਿੰਘ ਨੇ ਕਿਹਾ ਹੈ ਕਿ ਕੋਵਿਡ ਨਾਲ ਨਜਿੱਠਣ ਵਿਚ ਯੂਪੀ ਸਰਕਾਰ ਦਾ ਕੰਮ ‘ਬੇਮਿਸਾਲ’ ਰਿਹਾ ਹੈ। ਰਾਧਾ ਮੋਹਨ ਨੇ ਸੋਮਵਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਮੰਗਲਵਾਰ ਉਪ ਮੁੱਖ ਮੰਤਰੀਆਂ ਦਿਨੇਸ਼ ਸ਼ਰਮਾ ਤੇ ਕੇਸ਼ਵ ਮੌਰੀਆ ਨਾਲ ਮੁਲਾਕਾਤ ਕੀਤੀ ਹੈ। ਉਪ ਮੁੱਖ ਮੰਤਰੀ ਮੌਰੀਆ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਨਾਲ ਬੈਠਕ ਜਥੇਬੰਦਕ ਨਜ਼ਰੀਏ ਤੋਂ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ 2022 ਦੀਆਂ ਯੂਪੀ ਚੋਣਾਂ ਵਿਚ ਪਾਰਟੀ ਇਤਿਹਾਸਕ ਜਿੱਤ ਦਰਜ ਕਰੇਗੀ। ਕੇਂਦਰੀ ਭਾਜਪਾ ਆਗੂ ਸੰਤੋਸ਼ ਨੇ ਰਾਜ ਦੇ ਕਾਨੂੰਨ ਮੰਤਰੀ ਬ੍ਰਿਜੇਸ਼ ਪਾਠਕ ਨਾਲ ਵੀ ਮੁਲਾਕਾਤ ਕੀਤੀ। ਰਾਧਾ ਮੋਹਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਪੂਰਾ ਰਾਬਤਾ ਰੱਖਿਆ ਹੈ ਤੇ ਮਹਾਮਾਰੀ ਦੇ ਬੇਕਾਬੂ ਹੋਣ ਦੇ ਬਾਵਜੂਦ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਯੂਪੀ ਪੰਚਾਇਤ ਚੋਣਾਂ ਵਿਚ ਭਾਜਪਾ ਨੇ ਪਹਿਲੀ ਵਾਰ ਐਨੀਆਂ ਸੀਟਾਂ ਜਿੱਤੀਆਂ ਹਨ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਪੰਚਾਇਤਾਂ ਵਿਚ ਪਾਰਟੀ ਮਜ਼ਬੂਤ ਹੋਈ ਹੈ ਆਜ਼ਾਦ ਉਮੀਦਵਾਰ ਵੀ ਉਨ੍ਹਾਂ ਦੇ ਨਾਲ ਹੀ ਹਨ। ਭਾਜਪਾ ਨੇ ਆਪਣੀ ‘ਸੇਵਾ ਹੀ ਸੰਗਠਨ’ ਮੁਹਿੰਮ ਵੀ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਪਾਰਟੀ ਵਰਕਰ ਕੋਵਿਡ ਨਾਲ ਪ੍ਰਭਾਵਿਤ ਲੋਕਾਂ ਨਾਲ ਰਾਬਤਾ ਕਰਨਗੇ। ਉਹ ਉਨ੍ਹਾਂ ਨੂੰ ਮਦਦ ਦੀ ਪੇਸ਼ਕਸ਼ ਕਰਨਗੇ ਤੇ ਟੀਕਾਕਰਨ ਬਾਰੇ ਵੀ ਜਾਗਰੂਕ ਕਰਨਗੇ। -ਪੀਟੀਆਈ