ਰਾਜਿੰਦਰ ਮਰਾਹੜ
ਭਗਤਾ ਭਾਈ, 7 ਜੁਲਾਈ
ਡੇਰਾ ਸਿਰਸਾ ਦੇ ਪੰਜਾਬ ਵਿਚਲੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਦੀ ਚਾਰਦੀਵਾਰੀ ਉੱਪਰ ਤਿੰਨ ਥਾਵਾਂ ’ਤੇ ਬੀਤੀ ਰਾਤ ਅਣਪਛਾਤਿਆਂ ਵੱਲੋਂ ਖਾਲਿਸਤਾਨ ਪੱਖੀ ਅਤੇ ਧਮਕੀ ਭਰੇ ਨਾਅਰੇ ਲਿਖੇ ਗਏ ਹਨ। ਇਨ੍ਹਾਂ ਨਾਅਰਿਆਂ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲੀਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਸੂਚਨਾ ਮਿਲਦੇ ਹੀ ਐੱਸਪੀ (ਡੀ) ਬਠਿੰਡਾ ਤਰੁਣ ਰਤਨ, ਡੀਐੱਸਪੀ ਫੂਲ ਆਸਵੰਤ ਸਿੰਘ ਤੇ ਐੱਸਐੱਚਓ ਦਿਆਲਪੁਰਾ ਭਾਈਕਾ ਹਰਨੇਕ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਡੇਰੇ ਦੀ ਕੰਧ ’ਤੇ ਲਿਖੇ ਇਹ ਨਾਅਰੇ ਤੁਰੰਤ ਮਿਟਾ ਦਿੱਤੇ। ਜਾਣਕਾਰੀ ਅਨੁਸਾਰ ਨਾਅਰਿਆਂ ਹੇਠ ਐੱਸਐੱਫਜੇ ਲਿਖਿਆ ਹੋਇਆ ਸੀ। ਇਸੇ ਦੌਰਾਨ ਸਿੱਖਸ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਰਾਹੀਂ ਡੇਰੇ ਦੀਆਂ ਦੀਵਾਰਾਂ ’ਤੇ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਹੈ ਕਿ ਡੇਰਾ ਮੁਖੀ ਵੱਲੋਂ ਸੰਨ 2007 ਵਿੱਚ ਸਿੱਖ ਗੁਰੂਆਂ ਦੀ ਬਰਾਬਰੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਬਦਲਾ ਲਿਆ ਜਾਵੇਗਾ। ਥਾਣਾ ਮੁਖੀ ਹਰਨੇਕ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਗੁਰਪਤਵੰਤ ਸਿੰਘ ਪੰਨੂ ਪ੍ਰਧਾਨ ਸਿੱਖ ਫਾਰ ਜਸਟਿਸ ਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਡੇਰੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਮਾਹੌਲ ਖ਼ਰਾਬ ਕਰਨ ਤੇ ਭਾਈਚਾਰਕ ਸਾਂਝ ਤੋੜਨ ਦੇ ਮਦਸਦ ਨਾਲ ਇਹ ਨਾਅਰੇ ਲਿਖੇ ਗਏ ਹਨ।