ਪੱਤਰ ਪ੍ਰੇਰਕ
ਗੂਹਲਾ ਚੀਕਾ, 10 ਮਾਰਚ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਪ੍ਰਧਾਨਗੀ ਵਿਚ ਬੁਲੰਦੀਆਂ ਵੱਲ ਜਾ ਰਹੀ ਹੈ। ਜਦੋਂ ਤੋਂ ਜਥੇਦਾਰ ਦਾਦੂਵਾਲ ਕਮੇਟੀ ਦੇ ਪ੍ਰਧਾਨ ਬਣੇ ਹਨ ਤਾਂ ਉਨਾਂ ਨੇ ਸੇਵਾਦਾਰ ਦੇ ਤੌਰ ’ਤੇ ਡਿਊਟੀ ਨਿਭਾਈ ਹੈ। ਹਰਿਆਣਾ ਵਿੱਚ ਧਰਮ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਪੈਦਾ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਨ੍ਹਾਂ ਵਿੱਚ ਜਨਰਲ ਸਕੱਤਰ ਜਸਬੀਰ ਸਿੰਘ ਭਾਟੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਣਾਬਾਦ, ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਮੀਤ ਸਕੱਤਰ ਐਡਵੋਕੇਟ ਚੰਨਦੀਪ ਸਿੰਘ ਰੋਹਤਕ, ਅਮਰਿੰਦਰ ਸਿੰਘ ਅਰੋੜਾ ਤੇ ਗੁਰਚਰਨ ਸਿੰਘ ਚੀਮੋਂ ਸ਼ਾਮਲ ਹਨ। ਅੰਤ੍ਰਿਗ ਕਮੇਟੀ ਨੇ ਕਿਹਾ ਕਿ ਜਥੇਦਾਰ ਦਾਦੂਵਾਲ ਦੇ ਪ੍ਰਧਾਨ ਬਣਨ ਨਾਲ ਹਰਿਆਣੇ ਦੀਆਂ ਸਿੱਖ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਪੈਦਾ ਹੋਇਆ ਹੈ ਅਤੇ ਹੁਣ ਜਥੇਦਾਰ ਦਾਦੂਵਾਲ ਨੇ ਹਰਿਆਣਾ ਰਾਜ ਵਿੱਚ ਧਰਮ ਪ੍ਰਚਾਰ ਨੂੰ ਪਹਿਲ ਦਿੱਤੀ ਹੈ।
ਸਾਰੇ ਗੁਰਦੁਆਰਿਆਂ ਵਿੱਚ ਪਿਛਲੇ 6 ਸਾਲਾਂ ਵਿਚ ਹੋਏ ਲੈਣ ਦੇਣ ਨੂੰ ਆਡਿਟ ਕਰਵਾਇਆ ਜਾ ਰਿਹਾ ਹੈ ਅਤੇ ਜਿੱਥੇ ਕੋਈ ਕਮੀ ਮੁਲਾਜ਼ਮ ਜਾਂ ਮੈਂਬਰ ਵਿੱਚ ਨਜ਼ਰ ਆਈ ਹੈ, ਉਸ ਨੂੰ ਦੂਰ ਕਰਨ ਵਾਸਤੇ ਪ੍ਰਧਾਨ ਦਾਦੂਵਾਲ ਨੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਅੰਤ੍ਰਿਗ ਕਮੇਟੀ ਨੇ ਕਿਹਾ ਕਿ ਅਪਾਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਬਣਦੀ ਰਕਮ ਗੁਰੂ ਕੀ ਗੋਲਕ ਵਿੱਚ ਜਮ੍ਹਾਂ ਕਰਾਉਣ ਅਤੇ ਗਲਤ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ।