ਬੀਐੱਸ ਚਾਨਾ
ਕੀਰਤਪੁਰ ਸਾਹਿਬ, 5 ਅਪਰੈਲ
ਬਿਲਾਸਪੁਰ-ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਬਰੂਵਾਲ ਲਾਗੇ ਸੜਕ ਹਾਦਸੇ ਵਿੱਚ ਸਕੂਲ ਅਧਿਆਪਕਾ ਦੀ ਮੌਤ ਹੋ ਗਈ। ਤਫ਼ਤੀਸ਼ੀ ਅਫ਼ਸਰ ਏਐੱਸਆਈ ਬਲਵੀਰ ਚੰਦ ਨੇ ਦੱਸਿਆ ਕਿ ਪਿੰਡ ਬਰੂਵਾਲ ਲਾਗੇ ਬਾਅਦ ਦੁਪਹਿਰ ਕਰੀਬ ਸਵਾ ਦੋ ਵਜੇ ਇੰਡੀਅਨ ਆਇਲ ਪੰਪ ਦੇ ਬਿਲਕੁਲ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਵਿਖੇ ਤਾਇਨਾਤ ਅਧਿਆਪਕਾ ਸ਼ਾਲੂ ਰਾਣੀ ਵਾਸੀ ਰਾਏਧਰਾਨਾ ਜ਼ਿਲ੍ਹਾ ਸੰਗਰੂਰ, ਜੋ ਹਾਲੇ ਕੁਝ ਹੀ ਸਮਾਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ ਵਿਖੇ ਅੰਗਰੇਜ਼ੀ ਅਧਿਆਪਕ ਦੇ ਤੌਰ ’ਤੇ ਤਾਇਨਾਤ ਹੋਈ ਸੀ, ਅਧਿਆਪਕ ਨਰਿੰਦਰ ਕੁਮਾਰ ਗੁਲੇਰੀਆ ਐਕਟਿਵਾ ਨੰਬਰ ਪੀਬੀ 16 ਐੱਫ 5587 ’ਤੇ ਕੀਰਤਪੁਰ ਸਾਹਿਬ ਵੱਲ ਨੂੰ ਆ ਰਹੇ ਸੀ ਅਤੇ ਉਨ੍ਹਾਂ ਦੇ ਪਿੱਛੇ ਆ ਰਹੇ ਟਰੱਕ ਐੱਚਪੀ 11 ਸੀ 0653 ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਐਕਟਿਵਾ ਦੇ ਪਿੱਛੇ ਬੈਠੀ ਸਕੂਲੀ ਅਧਿਆਪਕ ਸ਼ਾਲੂ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਨਰਿੰਦਰ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਲੋਕਾਂ ਨੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲੀਸ ਦੀ ਮਦਦ ਨਾਲ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ। ਪੁਲੀਸ ਵੱਲੋਂ ਸ਼ਾਲੂ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਕਰ ਦਿੱਤੀ ਹੈ।