ਗੁਰਮੀਤ ਸਿੰਘ*
ਮਾਰਖੋਰ ਜੰਗਲੀ ਬੱਕਰੀ ਦੀ ਵਿਲੱਖਣ ਪ੍ਰਜਾਤੀ ਹੈ। ਇਸ ਨੂੰ ਆਸਾਨੀ ਨਾਲ ਲੰਬੇ, ਚਿੱਟੇ ਵਾਲਾਂ ਅਤੇ ਤਿੱਖੇ ਸਿੰਗਾਂ ਰਾਹੀਂ ਪਛਾਣਿਆ ਜਾਂਦਾ ਹੈ। ਇਹ ਭਾਰਤ, ਅਫ਼ਗਾਨਿਸਤਾਨ, ਪਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵਿਚ ਪਾਇਆ ਜਾਂਦਾ ਹੈ। ਮਾਰਖੋਰ ਬੱਕਰੀ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰਾਂ ਵਿਚੋਂ ਇਕ ਹੈ। ਇਸ ਦੇ ਸਿਰ ਅਤੇ ਸਰੀਰ ਦੀ ਲੰਬਾਈ 55 ਤੋਂ 70 ਇੰਚ (140 ਤੋਂ 195 ਸੈਂਟੀਮੀਟਰ) ਅਤੇ ਮੋਢਿਆਂ ਤੋਂ ਉਚਾਈ 26 ਤੋਂ 40 ਇੰਚ (66 ਤੋਂ 102 ਸੈਂਟੀਮੀਟਰ) ਹੁੰਦੀ ਹੈ। ਇਸ ਦੀ ਪੂਛ 3 ਤੋਂ 5.5 ਇੰਚ (8 ਤੋਂ 14 ਸੈਂਟੀਮੀਟਰ) ਲੰਮੀ ਹੁੰਦੀ ਹੈ ਅਤੇ ਇਸ ਦਾ ਭਾਰ 70 ਤੋਂ 240 ਪੌਂਡ (30 ਅਤੇ 110 ਕਿਲੋਗ੍ਰਾਮ) ਵਿਚਕਾਰ ਹੁੰਦਾ ਹੈ।
ਮਾਰਖੋੋਰ ਦਾ ਨਰ ਮਾਦਾ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ। ਇਸ ਦੇ ਉਪਰੋਂ ਕੋਟ ਦਾ ਰੰਗ ਮਿਟਿਆਲਾ, ਭੂਰਾ, ਕਾਲਾ ਜਿਹਾ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿਚ ਇਸ ਦੇ ਵਾਲ ਛੋਟੇ ਹੁੰਦੇ ਹਨ ਜਦੋਂਕਿ ਸਰਦੀਆਂ ਵਿਚ ਵਾਲ ਸੰਘਣੇ ਤੇ ਲੰਮੇ ਹੋ ਜਾਂਦੇ ਹਨ। ਲੱਤਾਂ ਦੇ ਹੇਠਾਂ ਵਾਲ ਕਾਲੇ ਅਤੇ ਚਿੱਟੇ ਹੁੰਦੇ ਹਨ। ਨਰ ਮਾਰਖੋਰ ਦੇ ਸਿੰਗ 160 ਸੈਂਟੀਮੀਟਰ (63 ਇੰਚ) ਤਕ ਲੰਬੇ ਹੋ ਜਾਂਦੇ ਹਨ ਅਤੇ ਮਾਦਾ ਦੇ 25 ਸੈਂਟੀਮੀਟਰ (10 ਇੰਚ) ਲੰਬੇ ਹੋ ਜਾਂਦੇ ਹਨ।
ਮਾਰਖੋਰ ਦੀ ਮੁੱਖ ਤੌਰ ’ਤੇ ਮਨਪਸੰਦ ਥਾਂ ਚੀਲ, ਬਲੂਤ (ਓਕਸ ਦੇ ਰੁੱਖ) ਹੈ ਜੋ ਜੰਗਲਾਂ ਦੇ 600 ਅਤੇ 3,600 ਮੀਟਰ (2,000 ਅਤੇ 11,800 ਫੁੱਟ) ਉੱਚੇ ਖੇਤਰਾਂ ਵਿਚ ਹੁੰਦੇ ਹਨ। ਮਾਰਖੋਰ ਦਿਨ ਵੇਲੇ ਆਪਣਾ ਖਾਣ ਪੀਣ ਕਰਦਾ ਹੈ। ਉਹ ਮੁੱਖ ਤੌਰ ’ਤੇ ਸਵੇਰੇ ਅਤੇ ਦੇਰ ਦੁਪਹਿਰ ਵੇਲੇ ਸਰਗਰਮ ਰਹਿੰਦੇ ਹਨ। ਉਹ ਮੌਸਮ ਅਨੁਸਾਰ ਆਪਣੀ ਖੁਰਾਕ ਬਦਲਦੇ ਰਹਿੰਦੇ ਹਨ। ਬਸੰਤ ਅਤੇ ਗਰਮੀਆਂ ਵਿਚ ਉਹ ਚਰਾਈ ਕਰਦੇ ਹਨ, ਪਰ ਸਰਦੀਆਂ ਦੇ ਮੌਸਮ ਵਿਚ ਕਈ ਵਾਰੀ ਉਹ ਪੱਤੇ ਜਾਂ ਕਰੂੰਬਲਾਂ ਚਰਦੇ (ਬਰਾਊਜ਼ਿੰਗ) ਹਨ।
ਮਾਰਖੋਰ ਵਿਚ ਪ੍ਰਜਣਨ ਦਾ ਸਮਾਂ ਸਰਦੀਆਂ ਵਿਚ ਹੁੰਦਾ ਹੈ, ਜਿਸ ਦੌਰਾਨ ਨਰ ਇਕ ਦੂਸਰੇ ਨਾਲ ਆਪਣੇ ਸਿੰਗ ਫਸਾ ਕੇ ਲੜਦੇ ਹਨ ਅਤੇ ਇਕ ਦੂਜੇ ਨੂੰ ਸੰਤੁਲਨ ਤੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦੇ ਹਨ। ਗਰਭ ਅਵਸਥਾ 135-170 ਦਿਨ ਰਹਿੰਦੀ ਹੈ ਅਤੇ ਆਮ ਤੌਰ ’ਤੇ ਇਕ ਜਾਂ ਦੋ ਬੱਚਿਆਂ ਨੂੰ ਜਨਮ ਦਿੰਦੇ ਹਨ। ਜਵਾਨ ਮਾਰਖੋਰ ਝੁੰਡਾਂ ਵਿਚ ਰਹਿੰਦੇ ਹਨ। ਗਰਮੀਆਂ ਦੇ ਦੌਰਾਨ, ਨਰ ਮਾਰਖੋਰ ਜੰਗਲ ਵਿਚ ਚਲੇ ਜਾਂਦੇ ਹਨ ਜਦੋਂਕਿ ਮਾਦਾ ਆਮ ਤੌਰ ’ਤੇ ਉੱਪਰ ਚੋਟੀਆਂ ਵਾਲੀਆਂ ਚਟਾਨਾਂ ’ਤੇ ਚੜ੍ਹ ਜਾਂਦੀਆਂ ਹਨ। ਬਰਫ਼ੀਲੇ ਪਹਾੜੀ ਖੇਤਰ ਵਿਚ ਮਿਲਣ ਵਾਲਾ ਸਫ਼ੈਦ ਹਿਮਾਲਿਆ ਬਘਿਆੜ, ਭੂਰਾ ਭਾਲੂ ਅਤੇ ਹਿਮਾਲਿਆ ਵਿਚ ਮਿਲਣ ਵਾਲਾ ਭੇੜੀਆ ਮਾਰਖੋਰ ਦੇ ਮੁੱਖ ਸ਼ਿਕਾਰੀ ਹਨ। ਮਾਰਖੋਰ ਨੇੜਲੇ ਸ਼ਿਕਾਰੀਆਂ ਦਾ ਪਤਾ ਲਗਾਉਣ ਲਈ ਡੂੰਘੀ ਨਜ਼ਰ ਅਤੇ ਗੰਧ ਦੀ ਤੀਬਰ ਮਹਾਰਤ ਰੱਖਦਾ ਹੈ। ਇਹ ਆਪਣੇ ਆਲੇ-ਦੁਆਲੇ ਤੋਂ ਬਹੁਤ ਜਾਣੂ ਹੁੰਦੇ ਹਨ ਅਤੇ ਸ਼ਿਕਾਰੀਆਂ ’ਤੇ ਨਜ਼ਰ ਬਣਾਈ ਰੱਖਦੇ ਹਨ। ਖੁੱਲ੍ਹੇ ਇਲਾਕਿਆਂ ਵਿਚ ਉਹ ਤੇਜ਼ੀ ਨਾਲ ਸ਼ਿਕਾਰੀਆਂ ਨੂੰ ਚਕਮਾ ਦੇ ਕੇ ਭੱਜ ਜਾਂਦੇ ਹਨ।
ਮਾਰਖੋਰ ਪਾਕਿਸਤਾਨ ਦਾ ਰਾਸ਼ਟਰੀ ਜੰਗਲੀ ਜਾਨਵਰ ਵੀ ਹੈ। ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੀ ਸੂਚੀ ਇਕ ਵਿਚ ਰੱਖ ਕੇ ਮੁਕੰਮਲ ਸੁਰੱਖਿਆ ਦਿੱਤੀ ਗਈ ਹੈ, ਪਰ ਫਿਰ ਵੀ ਸਾਡੇ ਗੁਆਂਡੀ ਦੇਸ਼ਾਂ ਵੱਲੋਂ ਇਸ ਦੇ ਮੀਟ, ਖੱਲ ਅਤੇ ਸਿੰਗਾਂ ਦੀ ਤਸਕਰੀ ਕੀਤੀ ਜਾਂਦੀ ਹੈ ਜਿਸ ਨਾਲ ਇਸ ਦੀ ਹੋਂਦ ਅੱਜ ਵੀ ਖ਼ਤਰੇ ਵਿਚ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910