ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਚੰਡੀਗੜ੍ਹ ਸ਼ਹਿਰ ਨੂੰ ਅਤਿ ਆਧੁਨਿਕ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਪਿਛਲੇ ਇਕ ਮਹੀਨੇ ਤੋਂ ਟ੍ਰਾਇਲ ਲਈ ਇਕ ਬੱਸ ਚਲਾਈ ਗਈ ਸੀ। ਬੱਸ ਦਾ ਟ੍ਰਾਇਲ ਸਫ਼ਲ ਰਿਹਾ। ਯੂਟੀ ਪ੍ਰਸ਼ਾਸਨ ਅਗਲੇ ਪੜਾਅ ’ਚ 19 ਹੋਰ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਰਿਹਾ ਹੈ ਜਿਸ ਵਿੱਚੋਂ 10 ਬੱਸਾਂ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਚੰਡੀਗੜ੍ਹ ਪਹੁੰਚ ਜਾਣਗੀਆਂ। ਜਦਕਿ ਰਹਿੰਦੀਆਂ 9 ਬੱਸਾਂ ਅਕਤੂਬਰ ਮਹੀਨੇ ਦੇ ਅਖੀਰ ਤੱਕ ਪਹੁੰਚਣਗੀਆਂ। ਇਹ ਬੱਸਾਂ ਛੇਤੀ ਹੀ ਚੰਡੀਗੜ੍ਹ ਦੀਆਂ ਸੜਕਾਂ ਦੀ ਰੌਣਕ ਬਣਨਗੀਆਂ।
ਯੂਟੀ ਪ੍ਰਸ਼ਾਸਨ ਨੇ ਪਹਿਲਾਂ ਇਕ ਬੱਸ ਨੂੰ 11 ਅਗਸਤ ਤੋਂ 11 ਸਤੰਬਰ ਤੱਕ ਚੰਡੀਗੜ੍ਹ ’ਚ ਟ੍ਰਾਇਲ ’ਤੇ ਚਲਾਇਆ। ਇਸ ਤੋਂ ਬਾਅਦ ਸ਼ਹਿਰ ਵਿੱਚ 19 ਹੋਰ ਬੱਸਾਂ ਚਲਾਉਣੀਆਂ ਸਨ। ਬੱਸ ਦੇ ਇਕ ਮਹੀਨੇ ਦੇ ਟ੍ਰਾਇਲ ’ਚ ਯੂਟੀ ਦੇ ਅਧਿਕਾਰੀਆਂ ਨੇ ਇਸ ’ਚ ਕਈ ਖਾਮੀਆਂ ਦਰਜ ਕੀਤੀਆਂ ਜਿਸ ਦੇ ਮੱਦੇਨਜ਼ਰ ਹੋਰਨਾਂ ਬੱਸਾਂ ਵਿੱਚ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਨਵੀਂ ਇਲੈਕਟ੍ਰਿਕ ਬੱਸ ਵਿੱਚ ਫਾਇਰ ਸੇਫ਼ਟੀ ਸਿਸਟਮ ਨੂੰ ਸੀਟ ਦੇ ਥੱਲੇ ਲਗਾਇਆ ਗਿਆ ਹੈ। ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਥਾਂ ਬਦਲਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਸ ਵਿੱਚ ਸਾਈਨ ਬੋਰਡ ਵਿੱਚ ਮਾਮੂਲੀ ਬਦਲਾਅ ਕੀਤਾ ਗਿਆ। ਇਸੇ ਤਰ੍ਹਾਂ ਇਲੈਕਟ੍ਰਿਕ ਬੱਸ ਵਿੱਚ ਅਸ਼ੋਕਾ ਲੇਲੈਂਡ ਨੇ ਕਈ ਤਰ੍ਹਾਂਦੇ ਬਦਲਾਅ ਕਰਨ ਦਾ ਵਿਸ਼ਵਾਸ ਦਿਵਾਇਆ ਹੈ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਪ੍ਰਦੁਮਨ ਨੇ ਦੱਸਿਆ ਕਿ ਰਹਿੰਦੀ 19 ਇਲੈਕਟ੍ਰਿਕ ਬੱਸਾਂ ਅਕਤੂਬਰ ਦੇ ਅਖੀਰ ਤੱਕ ਪਹੁੰਚਣਗੀਆਂ। ਦੱਸਣਯੋਗ ਹੈ ਕਿ ਨਵੀਂਆਂ ਇਲੈਕਟ੍ਰਿਕ ਬੱਸਾਂ ਵਿੱਚ 36 ਸਵਾਰੀਆਂ ਇਕ ਸਮੇਂ ’ਚ ਬੈਠ ਸਕਦੀਆਂ ਹਨ ਜਦਕਿ ਖੜ੍ਹੇ ਹੋਣ ਸਮੇਤ ਕੁੱਲ 54 ਸਵਾਰੀਆਂ ਸਫ਼ਰ ਕਰ ਸਕਣਗੀਆਂ। ਬੱਸ ਨੂੰ ਤਿੰਨ ਘੰਟੇ ਵਿੱਚ ਚਾਰਜ ਕੀਤਾ ਜਾ ਸਕੇਗਾ ਤੇ ਇਕ ਵਾਰ ਚਾਰਜ ਹੋਣ ’ਤੇ ਇਹ 130 ਤੋਂ 140 ਕਿੱਲੋਮੀਟਰ ਸਫ਼ਰ ਤੈਅ ਕਰੇਗੀ। ਇਸ ਲਈ ਯੂਟੀ ਪ੍ਰਸ਼ਾਸਨ ਵੱਲੋਂ ਕੰਪਨੀ ਨੂੰ 60 ਰੁਪਏ ਪ੍ਰਤੀ ਕਿੱਲੋਮੀਟਰ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਸੀਟੀਯੂ ਕੋਲ ਕੁੱਲ 514 ਬੱਸਾਂ ਹਨ ਜਿਨ੍ਹਾਂ ਵਿੱਚ 361 ਲੋਕਲ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦੌੜ ਰਹੀਆਂ ਹਨ। ਜਦਕਿ 153 ਬੱਸਾਂ ਅੰਤਰ-ਰਾਜੀ ਰੂਟਾਂ ’ਤੇ ਚਲਦੀਆਂ ਹਨ।
ਚੰਡੀਗੜ੍ਹ ਵਿੱਚ ਚੱਲਣ ਵਾਲੀ ਇਲੈਕਟ੍ਰਿਕ ਬੱਸ ਦੀ ਫਾਈਲ ਫੋਟੋ।