ਪੱਤਰ ਪ੍ਰੇਰਕ
ਸ਼ੇਰਪੁਰ, 11 ਅਪਰੈਲ
ਇਥੇ ਰਣੀਕੇ-ਹਸ਼ਨਪੁਰ ਨਹਿਰ ’ਚੋਂ ਅੱਜ ਪੁਲੀਸ ਨੇ ਲੜਕੇ ਤੇ ਲੜਕੀ ਦੀਆਂ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲੀਸ ਮੁਤਾਬਕ ਪਹਿਲੀ ਨਜ਼ਰੇ ਇਹ ਪ੍ਰੇਮ ਸਬੰਧਾਂ ਕਰਕੇ ਕੀਤੀ ਖ਼ੁਦਕੁਸ਼ੀ ਦਾ ਮਾਮਲਾ ਲੱਗਦਾ ਹੈ। ਜਾਣਕਾਰੀ ਅਨੁਸਾਰ ਨਹਿਰ ’ਚੋਂ ਦੋਹਾਂ ਦੀਆਂ ਲਾਸ਼ਾਂ ਕੱਢੀਆਂ ਤਾਂ ਦੋਹਾਂ ਦਾ ਇੱਕ-ਇੱਕ ਹੱਥ ਇੱਕ-ਦੂਜੇ ਨਾਲ ਬੰਨ੍ਹਿਆ ਹੋਇਆ ਸੀ। ਹਾਲ ਦੀ ਘੜੀ ਪੁਲੀਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਚੱਲ ਰਹੀ ਹੈ। ਰਣੀਕੇ ਚੌਕੀ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਸ਼ਨਾਖਤ ਪਿੰਡ ਬਡਰੁੱਖਾਂ ਦੇ ਪਰਮਿੰਦਰ ਸਿੰਘ ਕਾਲਾ ਅਤੇ ਇਸੇ ਪਿੰਡ ਦੀ ਨੂੰਹ ਵੀਰਪਾਲ ਕੌਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਦੋਵਾਂ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਪੁਲੀਸ ਦੋਵਾਂ ਧਿਰਾਂ ਦੇ ਬਿਆਨ ਕਲਮਬੰਦ ਕਰ ਰਹੀ ਹੈ, ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਲੜਕੇ ਦੀ ਭੈਣ ਤੇ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।