ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਦੇ ਵਿਰੋਧ ਵਿਚ ਕਿਸਾਨਾਂ ਨੇ ਅੱਜ ਮੰਡੀਆਂ ਦੇ ਬਾਹਰ ਧਰਨੇ ਮਾਰ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਅਤੇ ਰਾਜ ਸਰਕਾਰ ਨੂੰ ਲੰਮੇ ਹੱਥੀਂ ਲਿਆ। ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਕਿਸਾਨਾਂ ਨੂੰ ਮੰਡੀਆਂ ਦੇ ਬਾਹਰ ਧਰਨੇ ਮਾਰਨ ਲਈ ਕਿਹਾ ਸੀ ਕਿਉਂਕਿ ਕੱਲ ਚੰਡੀਗੜ੍ਹ ਵਿਚ ਖੁਰਾਕ ਸਪਲਾਈ ਅਤੇ ਖਪਤਕਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀਕੇ ਦਾਸ ਨਾਲ ਚੱਲੀ ਦੋ ਘੰਟੇ ਦੀ ਮੀਟਿੰਗ ਦੌਰਾਨ ਉਨ੍ਹਾਂ ਦੀ ਕਿਸੇ ਮੰਗ ਵੱਲ ਕੋਈ ਤਵੱਜੋ ਨਹੀਂ ਸੀ ਦਿੱਤੀ ਗਈ। ਸ਼ਹਿਰ ਵਿਚ ਕਿਸਾਨਾਂ ਨੇ ਅਨਾਜ ਮੰਡੀ ਦੇ ਬਾਹਰ ਟਰੈਕਟਰ ਟਰਾਲੀਆਂ ਖੜ੍ਹਾ ਕੇ ਅੰਬਾਲਾ-ਹਿਸਾਰ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਬੰਦ ਕਰ ਦਿੱਤੀ। ਛਾਉਣੀ ਅਨਾਜ ਮੰਡੀ ਦੇ ਬਾਹਰ ਵੀ ਭਾਕਿਯੂ ਦੇ ਬੈਨਰ ਥੱਲੇ ਧਰਨਾ ਲਾ ਕੇ ਬੈਠੇ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਮਾਣਕਪੁਰ ਨੇ ਕਿਹਾ ਕਿ ਸਰਕਾਰ ਨੇ ਗੁੰਮਰਾਹ ਕੀਤਾ ਹੈ ਕਿ 26 ਸਤੰਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ 30 ਤਾਰੀਖ਼ ਤੱਕ ਹਰਿਆਣਾ ਦੀ ਕਿਸੇ ਮੰਡੀ ਵਿਚ ਝੋਨੇ ਦਾ ਇਕ ਦਾਣਾ ਵੀ ਨਹੀਂ ਖਰੀਦਿਆ ਗਿਆ।