ਨਿੱਜੀ ਪੱਤਰ ਪ੍ਰੇਰਕ
ਧੂਰੀ, 4 ਮਈ
ਸਾਹਿਤ ਸਭਾ ਧੂਰੀ ਅਤੇ ਪੰਜਾਬੀ ਸਾਹਿਤ ਸੱਭਿਆਚਾਰਕ ਮੰਚ ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਤਾਰਾ ਹਵੇਲੀ ਧੂਰੀ ਵਿੱਚ ਰੂ-ਬ-ਰੂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਅਤੇ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪਵਨ ਹਰਚੰਦਪੁਰੀ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣ ਨਾਲ ਹੋਈ । ਇਸ ਉਪਰੰਤ ਕੈਨੇਡਾ ਤੋਂ ਪੰਜਾਬੀ ਲੇਖਕਾ ਸੁਰਿੰਦਰ ਗੀਤ ਬਾਰੇ ਪ੍ਰੋ. ਮੋਹਨ ਤਿਆਗੀ ਨੇ ਭਰਪੂਰ ਜਾਣਕਾਰੀ ਦਿੱਤੀ। ਡਾ. ਕੰਵਰ ਜਸਵਿੰਦਰਪਾਲ ਸਿੰਘ ਨੇ ਚੂੰਘਾਂ ਪਰਿਵਾਰ ਵੱਲੋਂ ਮਾਤਾ ਬਲਜੀਤ ਕੌਰ ਪਿਤਾ ਮਾਸਟਰ ਗੁਰਨਾਮ ਸਿੰਘ ਅਤੇ ਭਰਾ ਜਗਪਾਲ ਸਿੰਘ ਬਾਰੇ ਨਵੇਂ ਜਾਰੀ ਕੀਤੇ ਪੁਰਸਕਾਰਾਂ ਬਾਰੇ ਜਾਣਕਾਰੀ ਦਿੱਤੀ। ਉਪਰੋਕਤ ਤਿੰਨੋਂ ਪੁਰਸਕਾਰ ਹਰ ਸਾਲ ਦਿੱਤੇ ਜਾਇਆ ਕਰਨਗੇ। ਡਾ. ਕੰਵਰ ਜਸਮਿੰਦਰਪਾਲ ਸਿੰਘ, ਚੂੰਘਾਂ ਪਰਿਵਾਰ ਅਤੇ ਪ੍ਰਧਾਨਗੀ ਮੰਡਲ ਵੱਲੋਂ ਲੇਖਕਾ ਸੁਰਿੰਦਰ ਗੀਤ ਦਾ ਫੁਲਕਾਰੀ, ਸਨਮਾਨ ਪੱਤਰ ਤੇ 3100 ਰੁਪਏ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਏਡੀਸੀ ਜਨਾਬ ਲਤੀਫ਼ ਅਹਿਮਦ ਥਿੰਦ ਨੂੰ ਵੀ ਫੁਲਕਾਰੀ ਅਤੇ ਕਿਤਾਬਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਜਨਾਬ ਲਤੀਫ਼ ਅਹਿਮਦ ਥਿੰਦ ਅਤੇ ਪਵਨ ਹਰਚੰਦਪੁਰੀ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ।